ਕਾਇਨੇਟਿਕ ਗ੍ਰੀਨ ਨੇ ਆਖਰਕਾਰ ਇੱਕ ਮਹੱਤਵਪੂਰਨ ਦੇਰੀ ਤੋਂ ਬਾਅਦ ਆਪਣਾ ਇਲੈਕਟ੍ਰਿਕ ਲੂਨਾ ਮੋਪੇਡ ਪੇਸ਼ ਕੀਤਾ ਹੈ। 70,000 ਰੁਪਏ ਦੀ ਕੀਮਤ ਵਾਲੀ ਇਸ ਗੱਡੀ ਦਾ ਉਦਘਾਟਨ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕੀਤਾ ਹੈ।
ਈ-ਲੂਨਾ ਖਰੀਦਣ ‘ਚ 40,000 ਤੋਂ ਵੱਧ ਗਾਹਕਾਂ ਨੇ ਦਿਲਚਸਪੀ ਦਿਖਾਈ ਹੈ। ਈ-ਲੂਨਾ ‘ਚ ਇੱਕ ਡੁਅਲ-ਟਿਊਬੁਲਰ ਸਟੀਲ ਚੈਸੀ ਹੈ ਅਤੇ ਇਹ 150 ਕਿਲੋਗ੍ਰਾਮ ਤੱਕ ਭਾਰ ਚੁੱਕ ਸਕਦੀ ਹੈ। ਇਹ 2.0 kWh ਦੀ ਲਿਥੀਅਮ-ਆਇਨ ਬੈਟਰੀ ਦੁਆਰਾ ਸੰਚਾਲਿਤ ਹੈ ਅਤੇ ਇੱਕ ਵਾਰ ਚਾਰਜ ਕਰਨ ‘ਤੇ 110 ਕਿਲੋਮੀਟਰ ਦੀ ਰੇਂਜ ਦਿੰਦੀ ਹੈ।
ਇਸ ਤੋਂ ਬਾਅਦ ਹੁਣ ਕੰਪਨੀ ਭਵਿੱਖ ਵਿੱਚ ਵੱਡੇ ਬੈਟਰੀ ਪੈਕ ਵਾਲੇ ਮਾਡਲ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਵਾਹਨ ‘ਚ USB ਚਾਰਜਿੰਗ ਪੋਰਟ, ਤਿੰਨ ਵੱਖ-ਵੱਖ ਰਾਈਡਿੰਗ ਮੋਡ, ਇੱਕ ਹਟਾਉਣਯੋਗ ਪਿਛਲੀ ਸੀਟ ਅਤੇ ਸਾਈਡ ਸਟੈਂਡ ‘ਤੇ ਸੈਂਸਰ ਸ਼ਾਮਲ ਹਨ।
ਈ-ਲੂਨਾ ਪੰਜ ਵੱਖ-ਵੱਖ ਰੰਗਾਂ ਵਿੱਚ ਉਪਲਬਧ ਹੈ- ਮਲਬੇਰੀ ਰੈੱਡ, ਓਸ਼ਨ ਬਲੂ, ਪਰਲ ਯੈਲੋ, ਸਪਾਰਕਲਿੰਗ ਗ੍ਰੀਨ ਅਤੇ ਨਾਈਟ ਸਟਾਰ ਬਲੈਕ। ਇਸ ਤੋਂ ਇਲਾਵਾ ਇਸ ਨੂੰ ਫੁੱਲ ਹੋਣ ‘ਚ ਚਾਰ ਘੰਟੇ ਲੱਗਦੇ ਹਨ ਅਤੇ ਇਸ ਦਾ ਭਾਰ 96 ਕਿਲੋ ਹੁੰਦਾ ਹੈ। ਇਸਦੀ ਵਰਤੋਂ ਨਿੱਜੀ ਜਾਂ ਵਪਾਰਕ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ।