ਬਹੁਤ ਸਾਰੇ ਲੋਕ ਫਿੱਟ ਰਹਿਣ ਦੀ ਕੋਸ਼ਿਸ਼ ਕਰਦੇ ਹਨ ਪਰ ਫਿੱਟ ਉਹੀ ਰਹਿੰਦਾ ਹੈ ਜੋ ਚੰਗੀ ਕਸਰਤ, ਚੰਗੀ ਡਾਇਟ ਅਤੇ ਪੱਕਾ ਇਰਾਦਾ ਕਰਦਾ ਹੈ। ਫਿੱਟ ਰਹਿਣ ਦੀ ਆਦਤ ਨਾ ਸਿਰਫ਼ ਭਾਰ ਨੂੰ ਕੰਟਰੋਲ ਕਰਨ ‘ਚ ਮਦਦਗਾਰ ਹੁੰਦੀ ਹੈ ਸਗੋਂ ਨੀਂਦ ਦੀ ਗੁਣਵੱਤਾ ਨੂੰ ਵੀ ਵਧਾਉਂਦੀ ਹੈ।
ਇਸ ਤੋਂ ਇਲਾਵਾ ਇਹ ਬੀਮਾਰੀਆਂ ਤੋਂ ਬਚਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਗਰਿਮਾ ਬਰਨੋਲੀਆ ਫਿਟਨੈਸ ਟ੍ਰੇਨਰ ਨੇ ਮਹੱਤਵਪੂਰਣ ਗੱਲਾਂ ਬਾਰੇ ਦੱਸਿਆ ਹੈ ਜਿਸ ਨੂੰ ਧਿਆਨ ਵਿੱਚ ਰੱਖਣਾ ਬੇਹੱਦ ਜ਼ਰੂਰੀ ਹੈ, ਇਹ ਗੱਲਾਂ ਹਨ:
• ਪੱਕਾ ਇਰਾਦਾ ਬਣਾ ਕੇ ਕਸਰਤ ਕਰੋ
ਫਿਟਨੈੱਸ ਦਾ ਅਭਿਆਸ ਸ਼ੁਰੂ ਕਰਨ ਲਈ ਮਨ ਦਾ ਪੱਕਾ ਇਰਾਦਾ ਹੋਣਾ ਚਾਹੀਦਾ ਹੈ। ਸੰਕਲਪ ਕਰੋ ਕਿ ਤੁਸੀਂ ਆਪਣੀ ਯੋਜਨਾ ਨੂੰ ਨਿਯਮਿਤ ਤੌਰ ‘ਤੇ ਲਾਗੂ ਕਰੋਗੇ ਅਤੇ ਆਪਣੇ ਸਰੀਰ ਨੂੰ ਫਿੱਟ ਰੱਖੋਗੇ।
• ਕਿਸੇ ਦੇ ਸ਼ਬਦਾਂ ਤੋਂ ਪ੍ਰਭਾਵਿਤ ਹੋ ਕੇ ਕਸਰਤ ਨਾ ਕਰੋ
ਇੰਟਰਨੈੱਟ ਮੀਡੀਆ ‘ਤੇ ਫਿਟਨੈੱਸ ਮੰਤਰਾਂ ਜਾਂ ਕਿਸੇ ਫਿਟਨੈੱਸ ਗੁਰੂ ਦੇ ਸ਼ਬਦਾਂ ਤੋਂ ਪ੍ਰਭਾਵਿਤ ਹੋ ਕੇ ਸ਼ੁਰੂਆਤ ਨਾ ਕਰੋ। ਆਪਣੇ ਮਨ ਨੂੰ ਪੱਕਾ ਕਰੋ ਤੇ ਪੱਕਾ ਇਰਾਦਾ ਬਣਾ ਲਵੋ ਕਿ ਤੁਸੀਂ ਕਸਰਤ ਕਰ ਸਕਦੇ ਹੋ।
• ਸਰੀਰ ਦੀ ਬਣਤਰ ਅਤੇ ਲੋੜਾਂ ਤੋਂ ਜਾਣੂ ਹੋਵੋ
ਹਰੇਕ ਵਿਅਕਤੀ ਦੇ ਸਰੀਰ ਦੀ ਬਣਤਰ ਅਤੇ ਲੋੜਾਂ ਵੱਖਰੀਆਂ ਹੁੰਦੀਆਂ ਹਨ। ਜੇਕਰ ਤੁਸੀਂ ਇਨ੍ਹਾਂ ਨੂੰ ਪਹਿਲਾਂ ਜਾਣਦੇ ਹੋ ਤਾਂ ਤੁਹਾਡੀ ਫਿਟਨੈੱਸ ਟ੍ਰੇਨਿੰਗ ਸਹੀ ਦਿਸ਼ਾ ‘ਚ ਹੋਵੇਗੀ ਫ਼ਿਰ ਤੁਹਾਨੂੰ ਫਿਟਨੈਸ ਕੋਚ ਜਾਂ ਮਾਹਰ ਤੋਂ ਮਦਦ ਲੈਣੀ ਚਾਹੀਦੀ ਹੈ।
• ਸ਼ੁਰੂਆਤ ਹਲਕੀ ਕਸਰਤ ਨਾਲ ਕਰੋ
ਪਹਿਲੇ ਦਿਨ ਤੋਂ ਹੀ ਦੌੜਨਾ ਜਾਂ ਭਾਰੀ ਕਸਰਤ ਨਾ ਕਰੋ। ਇਸ ਨਾਲ ਤੁਹਾਡੀ ਸਿਹਤ ਤੇ ਬੁਰਾ ਅਸਰ ਪੈ ਸਕਦਾ ਹੈ। ਪਹਿਲੇ ਦਿਨ ਹਲਕੀ ਫੁਲਕੀ ਕਸਰਤ ਕਰੋ।
• ਹੌਲੀ – ਹੌਲੀ ਕਸਰਤ ਦੇ ਸਮੇਂ ਨੂੰ ਵਧਾਓ
ਹੌਲੀ – ਹੌਲੀ ਕਸਰਤ ਦਾ ਸਮਾਂ ਵਧਾਓ, ਜਿਵੇਂ ਕਿ ਊਰਜਾ ਦੇ ਪੱਧਰ ਵਿੱਚ ਸੁਧਾਰ ਹੁੰਦਾ ਹੈ। ਇਸ ਨਾਲ ਤੁਸੀਂ ਭਾਰੀ ਕਸਰਤ ਵੀ ਅਰਾਮ ਨਾਲ ਕਰ ਸਕੋਗੇ।
• ਫਿਟਨੈਸ ਐਪਸ ਦੀ ਮੱਦਦ ਨਾਲ ਫਿਟਨੈਸ ਪਲਾਨ ਬਣਾਓ
ਸਮਾਰਟ ਡਿਵਾਈਸਾਂ ਅਤੇ ਫਿਟਨੈਸ ਐਪਸ ਦੀ ਵਰਤੋਂ ਨਾਲ ਤੁਸੀਂ ਆਪਣਾ ਫਿਟਨੈਸ ਪਲਾਨ ਤੇ ਡਾਇਟ ਚਾਰਟ ਤਿਆਰ ਕਰ ਸਕਦੇ ਹੋ ਜੋਂ ਕਿ ਤੁਹਾਨੂੰ ਫਿੱਟ ਰੱਖਣ ਵਿੱਚ ਮਦਦਗਾਰ ਸਾਬਤ ਹੋਵੇਗਾ।