SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ CM ਭਗਵੰਤ ਮਾਨ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿਰਾਸਤੀ ਮਾਰਗ ’ਤੇ ਅਪਣੇ ਪ੍ਰਚਾਰ ਲਈ ਹੋਰ ਸਕਰੀਨਾਂ ਲਗਾ ਕੇ ਇਸ ਅਸਥਾਨ ਦੇ ਅਧਿਆਤਮਕ ਵਾਤਾਵਰਨ ਨੂੰ ਖ਼ਰਾਬ ਕਰਨ ਦੇ ਯਤਨਾਂ ਦੀ ਸਖ਼ਤ ਨਿਖੇਧੀ ਕੀਤੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਦਾ ਵਿਹੜਾ ਧਾਰਮਿਕ ਮਾਹੌਲ ਹੈ, ਜਿੱਥੇ ਸੰਗਤਾਂ ਕੇਵਲ ਗੁਰੂ ਸਾਹਿਬ ਦਾ ਉਪਦੇਸ਼ ਸੁਣਨ ਲਈ ਆਉਂਦੀਆਂ ਹਨ। ਇਥੇ ਕੇਵਲ ਗੁਰਬਾਣੀ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ ਨਾ ਕਿ ਸਰਕਾਰ ਦੀਆਂ ਅਖੌਤੀ ਪ੍ਰਾਪਤੀਆਂ ਦਾ ਹਨੇਰਾ। CM ਮਾਨ ਗੁਰੂ ਘਰਾਂ ਦੇ ਆਸ-ਪਾਸ ਦੇ ਇਲਾਕਿਆਂ ਨੂੰ ਵੀ ਨਹੀਂ ਬਖਸ਼ ਰਹੇ ਹਨ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਰਧਾ ਭਾਵਨਾ ਨਾਲ ਮੱਥਾ ਟੇਕਣ ਲਈ ਆਉਂਦੀਆਂ ਹਨ।
ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ ਦੇ ਮੁੱਖ ਗੇਟ ’ਤੇ ਲਗਾਈ ਗਈ ਸਕਰੀਨ ਸਬੰਧੀ ਸੰਗਤ ਵੱਲੋਂ ਇਤਰਾਜ਼ ਭੇਜੇ ਗਏ ਹਨ। ਸਿੱਖ ਮਰਿਆਦਾ ਅਤੇ ਏਕਤਾ ਦੀਆਂ ਭਾਵਨਾਵਾਂ ਵਿਰੁੱਧ ਸਰਕਾਰੀ ਇਸ਼ਤਿਹਾਰਾਂ ਲਈ ਲਗਾਈਆਂ ਗਈਆਂ ਇਨ੍ਹਾਂ ਸਕਰੀਨਾਂ ਨੂੰ ਤੁਰੰਤ ਹਟਾਇਆ ਜਾਵੇ।