ਮੋਦੀ ਸਰਕਾਰ ਰਾਜਮਾਰਗਾਂ ‘ਤੇ ਟਰੱਕ ਤੇ ਟੈਕਸੀ ਚਾਲਕਾਂ ਲਈ ਆਰਾਮ ਕਰਨ ਲਈ ਜਗ੍ਹਾ ਮੁਹੱਈਆ ਕਰਾਉਣ ਲਈ ਨਵੀਂ ਯੋਜਨਾ ‘ਤੇ ਕੰਮ ਕਰ ਰਹੀ ਹੈ। PM ਮੋਦੀ ਨੇ ‘ਭਾਰਤ ਮੋਬਿਲਿਟੀ’ ਵਿਸ਼ਵ ਪ੍ਰਦਰਸ਼ਨੀ ਨੂੰ ਸੰਬੋਧਨ ਕਰਦੇ ਹੋਏ ਰਾਜਮਾਰਗਾਂ ‘ਤੇ ਟਰੱਕ ਤੇ ਟੈਕਸੀ ਚਾਲਕਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਵੱਲ ਇੰਡਸਟਰੀ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਡਰਾਈਵਰ ਆਵਾਜਾਈ ਖੇਤਰ ਦਾ ਮਹੱਤਵਪੂਰਨ ਹਿੱਸਾ ਹੈ। ਉਹ ਲੰਬੇ ਸਮੇਂ ਤੱਕ ਵਾਹਨ ਚਲਾਉਂਦੇ ਹਨ ਪਰ ਉਨ੍ਹਾਂ ਕੋਲ ਆਰਾਮ ਕਰਨ ਦੀ ਜਗ੍ਹਾ ਤੱਕ ਨਹੀਂ ਹੁੰਦੀ। ਆਰਾਮ ਦਾ ਸਮਾਂ ਨਾ ਮਿਲਣ ਕਾਰਨ ਕਦੇ-ਕਦੇ ਸੜਕ ਦੁਰਘਟਨਾਵਾਂ ਵੀ ਹੁੰਦੀਆਂ ਹਨ। ਸਰਕਾਰ ਟਰੱਕ ਚਾਲਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਇਸ ਚਿੰਤਾ ਨੂੰ ਸਮਝਦੀ ਹੈ।
ਇਸ ਚਿੰਤਾ ਨੂੰ ਧਿਆਨ ‘ਚ ਰੱਖ ਕੇ ਮੋਦੀ ਸਰਕਾਰ ਨੇ ਸਾਰੇ ਰਾਸ਼ਟਰੀ ਰਾਜਮਾਰਗਾਂ ‘ਤੇ ਚਾਲਕਾਂ ਲਈ ਭੋਜਨ, ਸਾਫ ਪੀਣ ਵਾਲਾ ਪਾਣੀ, ਟੁਆਇਲਟ, ਪਾਰਕਿੰਗ ਤੇ ਆਰਾਮ ਦੀਆਂ ਸਹੂਲਤਾਂ ਨਾਲ ਲੈਸ ਆਧੁਨਿਕ ਇਮਾਰਤਾਂ ਬਣਾਉਣ ਦੀ ਇਕ ‘ਨਵੀਂ ਯੋਜਨਾ’ ‘ਤੇ ਕੰਮ ਕਰ ਰਹੀ ਹੈ। ਇਸ ਪਹਿਲ ਨਾਲ ਟਰੱਕ ਤੇ ਟੈਕਸੀ ਚਾਲਕਾਂ ਨੂੰ ਆਸਾਨੀ ਹੋਵੇਗੀ ਤੇ ਯਾਤਰਾ ਵੀ ਸੁਵਿਧਾਜਨਕ ਹੋਵੇਗੀ। ਇਸ ਨਾਲ ਉਨ੍ਹਾਂ ਦੀ ਸਿਹਤ ਵਧੀਆ ਰਹੇਗੀ ਤੇ ਸੜਕ ਦੁਰਘਟਨਾਵਾਂ ਨੂੰ ਰੋਕਣ ਵਿਚ ਮਦਦ ਮਿਲੇਗੀ।
ਇਸ ਤੋਂ ਇਲਾਵਾ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਪਹਿਲਾਂ ਹੀ ਇਕ ਨੋਟੀਫਿਕੇਸ਼ਨ ਜਾਰੀ ਕਰ ਚੁੱਕਾ ਹੈ ਕਿ ਇਕ ਅਕਤੂਬਰ 2025 ਦੇ ਬਾਅਦ ਬਣਨ ਵਾਲੇ ਟਰੱਕਾਂ ਵਿਚ ਚਾਲਕਾਂ ਲਈ ਏਸੀ ਕੈਬਿਨ ਮੁਹੱਈਆ ਕਰਵਾਇਆ ਜਾਵੇ। ਇਹ ਕਦਮ ਟਰੱਕ ਡਰਾਈਵਰਾਂ ਦੇ ਕੰਮਕਾਜੀ ਹਾਲਾਤ ਤੇ ਸੁਰੱਖਿਆ ਨੂੰ ਵਧਾਉਣ ਲਈ ਇਕ ਵਿਆਪਕ ਪਹਿਲ ਦਾ ਹਿੱਸਾ ਹੈ।