ਹੜ ਪ੍ਰਭਾਵਿਤ ਖੇਤਰ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦਾ ਰੱਖਿਆ ਜਾ ਰਿਹਾ ਹੈ ਖਾਸ ਖਿਆਲ
ਰਾਵੀ ਵਿੱਚ ਆਏ ਹੜਾਂ ਕਾਰਨ ਪ੍ਰਭਾਵਿਤ ਹੋਏ ਪਿੰਡਾਂ ਵਿੱਚ ਰਹਿ ਰਹੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਅਤੇ ਉਹਨਾਂ ਦੇ ਪਰਿਵਾਰਾਂ ਦਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਖਿਆਲ ਰੱਖਿਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਜੋ ਕਿ ਸਮੁੱਚੇ ਰਾਹਤ ਕਾਰਜਾਂ ਦੀ ਅਗਵਾਈ ਕਰ ਰਹੇ ਹਨ, ਵੱਲੋਂ ਵਿਭਾਗ ਅਤੇ ਰੈਡ ਕ੍ਰਾਸ ਅੰਮ੍ਰਿਤਸਰ ਨੂੰ ਇਸ ਸਬੰਧੀ ਵਿਸ਼ੇਸ਼ ਹਦਾਇਤ ਕੀਤੀ ਗਈ ਹੈ ਕਿ ਉਹ ਅਜਿਹੇ ਪਰਿਵਾਰ ਜੋ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕਿਸੇ ਦੇ ਸਹਾਰੇ ਉੱਤੇ ਨਿਰਭਰ ਹੋਣ, ਤੱਕ ਵਿਸ਼ੇਸ਼ ਤੌਰ ਤੇ ਪਹੁੰਚ ਕਰਕੇ ਉਹਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ।
ਇਸ ਸਬੰਧੀ ਗੱਲਬਾਤ ਕਰਦੇ ਰੈਡ ਕ੍ਰਾਸ ਦੇ ਸੈਕਟਰੀ ਸ੍ਰੀ ਸੈਮਸਨ ਮਸੀਹ ਨੇ ਦੱਸਿਆ ਕਿ ਸਾਡੇ ਕੋਲ ਉਹਨੂੰ ਵਿਭਾਗ ਵੱਲੋਂ ਤਿਆਰ ਕੀਤਾ ਹੋਇਆ ਡਾਟਾ ਹੈ, ਜਿਸ ਦੇ ਆਧਾਰ ਉੱਤੇ ਅਸੀਂ ਅਜਿਹੇ ਪਰਿਵਾਰਾਂ ਨਾਲ ਸੰਪਰਕ ਕਰ ਰਹੇ ਹਾਂ ਜੋ ਕਿ ਸਰੀਰਕ ਤੌਰ ਉੱਤੇ ਵਿਸ਼ੇਸ਼ ਲੋੜਾਂ ਦੀ ਮੰਗ ਰੱਖਦੇ ਹਨ। ਉਹਨਾਂ ਦੱਸਿਆ ਕਿ ਅਜਿਹੇ ਪਰਿਵਾਰਾਂ ਵਿੱਚ ਸਾਨੂੰ ਘਰ ਦੀਆਂ ਵਸਤਾਂ ਦੇ ਨਾਲ ਨਾਲ ਟਰਾਈ ਸਾਈਕਲ, ਬੈਟਰੀ ਵਾਲੇ ਵਾਹਨ ਅਤੇ ਹੋਰ ਸਹਾਇਕ ਉਪਕਰਣ ਦੇਣ ਦੀ ਲੋੜ ਵੀ ਪੈ ਰਹੀ ਹੈ, ਕਿਉਂਕਿ ਹੜਾਂ ਦੇ ਪਾਣੀ ਕਾਰਨ ਇਹ ਖਰਾਬ ਹੋ ਚੁੱਕੇ ਹਨ।

ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਅਜਿਹੇ ਪਰਿਵਾਰ ਆਪਣੀ ਲੋੜ ਪੂਰੀ ਕਰਨ ਲਈ ਖਰਾਬ ਹੋਏ ਰਸਤਿਆਂ ਕਾਰਨ ਬਾਹਰ ਵੀ ਨਹੀਂ ਆ ਸਕਦੇ, ਸੋ ਅਸੀਂ ਉਹਨਾਂ ਨਾਲ ਘਰ ਘਰ ਸੰਪਰਕ ਕਰਕੇ ਉਹਨਾਂ ਨੂੰ ਘਰੇਲੂ ਵਸਤਾਂ ਦੇ ਨਾਲ ਨਾਲ ਉਹ ਸਾਰੀ ਸਮਗਰੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਜ਼ਿੰਦਗੀ ਚਲਾਉਣ ਲਈ ਜ਼ਰੂਰੀ ਹਨ। ਉਹਨਾਂ ਦੱਸਿਆ ਕਿ ਬੀਤੀ ਰਾਤ ਵੀ ਅਸੀਂ ਘੋਨੇਵਾਲ ਤੇ ਮਾਛੀਵਾਲ ਦੇ ਪਿੰਡਾਂ ਵਿੱਚ ਅਜਿਹੇ ਪਰਿਵਾਰਾਂ ਨਾਲ ਸੰਪਰਕ ਕਰਕੇ ਦੇਰ ਰਾਤ ਤੱਕ ਵਸਤਾਂ ਦੀ ਵੰਡ ਸੀਡੀਪੀਓ ਸ੍ਰੀਮਤੀ ਮੀਨਾ ਦੇਵੀ ਨੂੰ ਨਾਲ ਲੈ ਕੇ ਕੀਤੀ । ਉਹਨਾਂ ਇਸ ਲਈ ਰੈਡ ਕਰਾਸ ਵਲੰਟੀਰਾਂ ਵੱਲੋਂ ਮਿਲ ਰਹੇ ਸਹਿਯੋਗ ਦਾ ਵਿਸ਼ੇਸ਼ ਤੌਰ ਉਤੇ ਧੰਨਵਾਦ ਵੀ ਕੀਤਾ।