ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ:
ਗੁਰਦੁਆਰਾ ਧੋਬੜੀ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਦੂਜੇ ਦਿਨ ਸਿਲੀਗੁੜੀ ਤੋਂ ਅਗਲੇ ਪੜਾਅ ਮਾਲਦਾ ਲਈ ਰਵਾਨਾ
ਰਸਤੇ ਵਿਚ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਭਰਵਾਂ ਸਵਾਗਤ

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਧੋਬੜੀ ਸਾਹਿਬ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅੱਜ ਦੂਸਰੇ ਦਿਨ ਗੁਰਦੁਆਰਾ ਸਿੰਘ ਸਭਾ ਸਿਲੀਗੁੜੀ, ਬੰਗਾਲ ਤੋਂ ਅਗਲੇ ਪੜਾਅ ਮਾਲਦਾ ਲਈ ਰਵਾਨਾ ਹੋਇਆ


ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਨੇ ਸੰਗਤਾਂ ਨਾਲ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਦੀ ਸਾਂਝ ਪਾਈ। ਨਗਰ ਕੀਰਤਨ ਦੀ ਰਵਾਨਗੀ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸ. ਸੁਰਜੀਤ ਸਿੰਘ ਭਿੱਟੇਵਡ, ਭਾਈ ਅਜੈਬ ਸਿੰਘ ਅਭਿਆਸੀ, ਸ. ਜਗਸੀਰ ਸਿੰਘ ਮਾਂਗੇਆਣਾ ਸਮੇਤ ਪ੍ਰਮੁੱਖ ਸਖਸ਼ੀਅਤਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਬੰਗਾਲ ਸਰਕਾਰ ਵੱਲੋਂ ਨਗਰ ਕੀਰਤਨ ਦੇ ਸਵਾਗਤ ਅਤੇ ਪ੍ਰਬੰਧਾਂ ਲਈ ਬੰਗਾਲ ਘੱਟਗਿਣਤੀ ਕਮਿਸ਼ਨ ਦੇ ਮੈਂਬਰ ਡਾ. ਸਤਨਾਮ ਸਿੰਘ ਆਹਲੂਵਾਲੀਆ ਨੇ ਸੇਵਾ ਨਿਭਾਈ, ਜੋ ਪੂਰੇ ਬੰਗਾਲ ਵਿਚ ਨਗਰ ਕੀਰਤਨ ਦੇ ਨਾਲ ਰਹੇ


ਨਗਰ ਕੀਰਤਨ ਨਾਲ ਚੱਲ ਰਹੀ ਗੁਰੂ ਸਾਹਿਬਾਨ ਦੇ ਇਤਿਹਾਸਕ ਸ਼ਸਤਰਾਂ ਵਾਲੀ ਬੱਸ ਅਤੇ ਵੱਡਅਕਾਰੀ ਸਕਰੀਨਾਂ ’ਤੇ ਗੁਰੂ ਸਾਹਿਬ ਨਾਲ ਸੰਬੰਧਿਤ ਪਾਵਨ ਅਸਥਾਨਾਂ ਅਤੇ ਇਤਿਹਾਸ ਬਾਰੇ ਦਿਖਾਈਆਂ ਜਾ ਰਹੀਆਂ ਦਸਤਾਵੇਜ਼ੀ ਵੀਡੀਓ ਸੰਗਤਾਂ ਵਿੱਚ ਵੱਡਾ ਉਤਸ਼ਾਹ ਭਰ ਰਹੀਆਂ ਹਨ। ਰਸਤੇ ਵਿਚ ਵੱਖ-ਵੱਖ ਪੜਾਵਾਂ ਤੇ ਸਿੱਖ ਸੰਗਤਾਂ ਦੇ ਨਾਲ ਨਾਲ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕਰਦਿਆਂ ਫੁੱਲਾਂ ਦੀ ਵਰਖਾ ਕੀਤੀ। ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕਰਕੇ ਸਤਿਕਾਰ ਪ੍ਰਗਟਾਇਆ ਅਤੇ ਪੰਜ ਪਿਆਰੇ ਸਾਹਿਬਾਨ ਅਤੇ ਪ੍ਰਮੁੱਖ ਸਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਸਿਲੀਗੁੜੀ ਤੋਂ ਚੱਲ ਕੇ ਨਗਰ ਕੀਰਤਨ ਵਿਧਾਨ ਨਗਰ, ਕਿਸ਼ਨਗੰਜ, ਪੂਰਨਿਆਂ, ਲਛਮੀਪੁਰ ਸਮੇਤ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਮਾਲਦਾ ਵਿਖੇ ਰਾਤ ਵਿਸ਼ਰਾਮ ਕਰੇਗਾ, ਜਿਥੋਂ 23 ਅਗਸਤ ਨੂੰ ਅਗਲੇ ਪੜਾਅ ਕਲਕੱਤਾ ਲਈ ਰਵਾਨਾ ਹੋਵੇਗਾ।


ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਬਿਜੈ ਸਿੰਘ, ਮੀਤ ਸਕੱਤਰ ਸ. ਬਲਵਿੰਦਰ ਸਿੰਘ ਖੈਰਾਬਾਦ, ਸ. ਰਾਮ ਸਿੰਘ ਰਾਠੌਰ ਮੁੰਬਈ, ਇੰਚਾਰਜ ਸ. ਦਵਿੰਦਰ ਸਿੰਘ ਖੁਸ਼ੀਪੁਰ, ਮੈਨੇਜਰ ਸ. ਸਤਿੰਦਰ ਸਿੰਘ, ਭਾਈ ਜਗਦੇਵ ਸਿੰਘ, ਸ. ਜਗਮੋਹਨ ਸਿੰਘ ਪ੍ਰਧਾਨ, ਸ. ਸੰਦੀਪ ਸਿੰਘ, ਸ. ਭੁਪਿੰਦਰ ਸਿੰਘ, ਸ. ਸਰਬਜੀਤ ਸਿੰਘ, ਸ. ਪਰਮਜੀਤ ਸਿੰਘ ਛਾਬੜਾ, ਭਾਈ ਲਖਵਿੰਦਰ ਸਿੰਘ ਕਿਸ਼ਨਗੰਜ, ਜਥੇਦਾਰ ਪਿਆਰਾ ਸਿੰਘ, ਸ. ਸਤਨਾਮ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *