ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ

ਪੁਨਰ ਸੁਰਜੀਤੀ ਦੇ ਇਤਿਹਾਸਕ ਪੜਾਅ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮੀਰੀ ਪੀਰੀ ਦੇ ਸਿਧਾਂਤ ਉਪਰ ਮਿਲੇ ਦੋ ਵਾਰਿਸ

ਬੀਬੀ ਸਤਵੰਤ ਕੌਰ ਪੰਥਕ ਕੌਂਸਲ ਦੇ ਚੇਅਰਪਰਸਨ ਚੁਣੇ ਗਏ

ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਵਜੋਂ ਨਿਭਾਉਣਗੇ ਸੇਵਾ

11 ਅਗਸਤ ਦਾ ਦਿਨ ਪੰਥਕ ਖੇਤਰ ਅਤੇ ਪੰਥਕ ਸਿਆਸਤ ਲਈ ਅਹਿਮ ਹੋ ਨਿੱਬੜਿਆ। ਲੰਮੇ ਸਮੇਂ ਤੋਂ ਇੱਕ ਪਰਿਵਾਰਵਾਦ ਦੇ ਗਲਬੇ ਹੇਠ ਨਿਘਾਰ ਵੱਲ ਜਾ ਚੁੱਕੀ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਇਤਿਹਾਸਿਕ ਪੜਾਅ ਤੇ ਮੀਰੀ ਪੀਰੀ ਦੇ ਸਿਧਾਂਤ ਉਪਰ ਦੋ ਵਾਰਿਸ ਮਿਲੇ ਹਨ। ਸਿਆਸਤ ਉਪਰ ਧਰਮ ਦਾ ਕੁੰਡਾ ਮਜ਼ਬੂਤ ਰਹੇ ਇਸ ਲਈ ਬੀਬੀ ਸਤਵੰਤ ਕੌਰ ਜੀ ਨੂੰ ਪੰਥਕ ਕੌਸਲ ਦੇ ਚੇਅਰਪਰਸਨ ਵਜੋਂ ਸੇਵਾ ਮਿਲੀ ਹੈ। ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਗਏ ਹਨ।

ਮੰਚ ਸੰਚਾਲਨ ਕਰਦੇ ਹੋਏ ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸੁਨਹਿਰੀ ਇਤਿਹਾਸ ਤੋਂ ਜਾਣੂ ਕਰਵਾਇਆ ਉਥੇ ਹੀ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਪੰਥਕ ਜਮਾਤ ਪੂਰੀ ਤਰਾਂ ਸਿਆਸਤ ਦੇ ਗਲਬੇ ਵਿੱਚ ਜਾ ਚੁੱਕੀ ਹੈ। ਇਸ ਲਈ ਆਉਣ ਵਾਲੇ ਸਮੇਂ ਵਿੱਚ ਧਾਰਮਿਕ ਖੇਤਰ ਨੂੰ ਰਾਜਸੀ ਗਲਬੇ ਤੋ ਬਾਹਰ ਰੱਖਣ ਦੀ ਸੰਗਤ ਦੀ ਵੱਡੀ ਮੰਗ ਸੀ, ਇਸ ਮੰਗ ਨੂੰ ਪੂਰਾ ਕਰਦਿਆਂ ਪੰਥਕ ਕੌਂਸਲ ਗਠਿੰਨ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਜੋ ਧਰਮ ਦਾ ਕੁੰਡਾ ਹਰ ਹੀਲੇ ਸਿਆਸਤ ਉਪਰ ਮਜ਼ਬੂਤ ਰਹੇ। ਦਾਖਾ ਤੋਂ ਵਿਧਾਇਕ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਵੱਲੋ ਪੰਥਕ ਕੌਂਸਲ ਦੇ ਚੇਅਰਪਰਸਨ ਵਜੋਂ ਬੀਬੀ ਸਤਵੰਤ ਕੌਰ ਦਾ ਨਾਮ ਪੇਸ਼ ਕੀਤਾ ਗਿਆ,ਜਿਸ ਤੇ ਹਾਜ਼ਰ ਡੈਲੀਗੇਟ ਨੇ ਜੈਕਾਰਿਆਂ ਦੇ ਨਾਲ ਆਪਣੀ ਸਹਿਮਤੀ ਦਿੱਤੀ।

ਪੁਨਰ ਸੁਰਜੀਤੀ ਦੇ ਅਹਿਮ ਪੜਾਅ ਨੂੰ ਪੂਰਾ ਕਰਦਿਆਂ ਬਾਬਾ ਸਰਬਜੋਤ ਸਿੰਘ ਬੇਦੀ ਵੱਲੋ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਨਾਮ ਪ੍ਰਧਾਨਗੀ ਦੇ ਅਹੁਦੇ ਲਈ ਪੇਸ਼ ਕੀਤਾ। ਪੇਸ਼ ਹੋਏ ਨਾਮ ਨੂੰ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋ ਪ੍ਰੋੜਤਾ ਕੀਤੀ ਤਾਂ ਜੱਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਦੀ ਤਾਈਦ ਮਦੀਦ ਕੀਤੀ। ਚੋਣ ਅਧਿਕਾਰੀ ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਪ੍ਰਧਾਨਗੀ ਲਈ ਇਜਲਾਸ ਵਿੱਚ ਹਾਜ਼ਰ ਸਮੂਹ ਡੈਲੀਗੇਟ ਤੋ ਮੁਕਾਬਲਤਨ ਨਾਮ ਦੀ ਪੇਸ਼ਕਸ਼ ਮੰਗੀ ਗਈ। ਗਿਆਨੀ ਹਰਪ੍ਰੀਤ ਸਿੰਘ ਦੇ ਮੁਕਾਬਲੇ ਕੋਈ ਵੀ ਉਮੀਦਵਾਰ ਨਾ ਹੋਣ ਕਰਕੇ ਗਿਆਨੀ ਹਰਪ੍ਰੀਤ ਸਿੰਘ ਸਰਬ ਸੰਮਤੀ ਨਾਲ ਬਤੌਰ ਪ੍ਰਧਾਨ ਚੁਣਿਆ ਗਿਆ।

ਇਸ ਜਨਰਲ ਇਜਲਾਸ ਵਿੱਚ ਜਿੱਥੇ ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਦੀ ਭਾਵਨਾ ਤਹਿਤ ਪੂਰਨ ਵਿਧੀ ਵਿਧਾਨ ਮੁਤਾਬਿਕ ਚੋਣ ਹੋਈ ਉਥੇ ਹੀ ਲੰਮੇ ਸਮੇਂ ਤੋਂ ਅਕਾਲੀ ਸਿਆਸਤ ਵਿੱਚ ਗੁਆਚ ਚੁੱਕੀ ਲੋਕਤੰਤਰਿਕ ਪ੍ਰਕਿਰਿਆ ਦੀ ਵੀ ਬਹਾਲੀ ਹੋਈ।

Leave a Reply

Your email address will not be published. Required fields are marked *