ਰੂਸ ਤੇ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬ੍ਰਸ ਸਰ ਕਰਨ ਵਾਲੇ ਛੇ ਸਾਲਾ ਤੇਗ਼ਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨ

ਰੂਸ ਤੇ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬ੍ਰਸ ਸਰ ਕਰਨ ਵਾਲੇ ਛੇ ਸਾਲਾ ਤੇਗ਼ਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨ

ਬੀਤੇ ਦਿਨੀਂ 28 ਜੂਨ 2025 ਨੂੰ ਰੂਸ ਅਤੇ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬ੍ਰਸ ਨੂੰ ਸਰ ਕਰਨ ਵਾਲੇ ਛੇ ਸਾਲਾ ਕਾਕਾ ਤੇਗ਼ਬੀਰ ਸਿੰਘ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਗੁਰੂ ਬਖ਼ਸ਼ਿਸ਼ ਸਿਰੋਪਾਓ ਤੇ ਸ੍ਰੀ ਸਾਹਿਬ ਦੇ ਕੇ ਸਨਮਾਨ ਦਿੱਤਾ ਗਿਆ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਵੀ ਹਾਜ਼ਰ ਸਨ।


ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਾਕਾ ਤੇਗ਼ਬੀਰ ਸਿੰਘ 5 ਸਾਲ ਦੀ ਉਮਰ ਵਿੱਚ ਅਪ੍ਰੈਲ 2024 ਵਿੱਚ ਮਾਊਂਟ ਐਵਰੈਸਟ ਬੇਸ ਕੈਂਪ ਨੇਪਾਲ ਪਹੁੰਚਣ ਵਾਲਾ ਸਭ ਤੋਂ ਛੋਟੀ ਉਮਰ ਦਾ ਬੱਚਾ ਹੈ ਤੇ ਅਗਸਤ 2024 ਵਿੱਚ ਮਾਊਂਟ ਕਿਲਿਮੰਜਾਰੋ (ਅਫ਼ਰੀਕਾ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ) ਨੂੰ ਸਭ ਤੋਂ ਘੱਟ ਉਮਰ ਵਿੱਚ ਸਰ ਕਰਨ ਵਾਲਾ ਭਾਰਤੀ ਤੇ ਏਸ਼ੀਆ ਖੇਤਰ ਦਾ ਬੱਚਾ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਕਾਕਾ ਤੇਗ਼ਬੀਰ ਸਿੰਘ ਦਾ ਸਮੁੱਚਾ ਪਰਿਵਾਰ ਗੁਰਸਿੱਖ ਹੈ ਅਤੇ ਬੱਚੇ ਨੇ ਛੋਟੀ ਉਮਰ ਵਿੱਚ ਉੱਚੀ ਚੋਟੀ ਸਰ ਕਰਕੇ ਸਮੁੱਚੀ ਸਿੱਖ ਕੌਮ ਦਾ ਨਾਮ ਦੇਸ਼ ਦੁਨੀਆ ਅੰਦਰ ਰੋਸ਼ਨ ਕੀਤਾ ਹੈ, ਜੋ ਕਿ ਪ੍ਰੇਰਣਾਸਰੋਤ ਹੈ। ਜਥੇਦਾਰ ਗੜਗੱਜ ਨੇ ਕਾਕਾ ਤੇਗ਼ਬੀਰ ਸਿੰਘ ਨੂੰ ਭਵਿੱਖ ਵਿੱਚ ਹੋਰ ਵੀ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਮੁੱਚੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਵੀ ਕੀਤੀ। ਉਨ੍ਹਾਂ ਕਾਕਾ ਤੇਗ਼ਬੀਰ ਸਿੰਘ ਦੇ ਪਰਿਵਾਰ ਨੂੰ ਪ੍ਰੇਰਣਾ ਕੀਤੀ ਕਿ ਬੱਚੇ ਨੂੰ ਇਸੇ ਤਰ੍ਹਾਂ ਇਸ ਖੇਤਰ ਵਿੱਚ ਸਹਿਯੋਗ ਕੀਤਾ ਜਾਵੇ ਤਾਂ ਜੋ ਅਗਾਂਹ ਚੱਲ ਕੇ ਇਹ ਹੋਰ ਉੱਚੀਆਂ ਮੱਲਾਂ ਮਾਰੇ।


ਕਾਕਾ ਤੇਗ਼ਬੀਰ ਸਿੰਘ ਦੇ ਪਿਤਾ ਸ. ਸੁਖਿੰਦਰ ਦੀਪ ਸਿੰਘ, ਮਾਤਾ ਡਾ. ਮਨਪ੍ਰੀਤ ਕੌਰ, ਭੈਣ ਪਵਿਤਜੋਤ ਕੌਰ ਨਾਨਾ ਸ. ਗੁਰਚਰਨ ਸਿੰਘ, ਦਾਦੀ ਨਰਿੰਦਰਜੀਤ ਕੌਰ, ਪੜਨਾਨੀ ਬੀਬੀ ਬਲਵਿੰਦਰ ਕੌਰ ਨੂੰ ਵੀ ਸਿੰਘ ਸਾਹਿਬਾਨ ਵੱਲੋਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਸ. ਬਗੀਚਾ ਸਿੰਘ, ਸਹਾਇਕ ਇੰਚਾਰਜ ਸ. ਜਸਵੀਰ ਸਿੰਘ ਲੌਂਗੋਵਾਲ ਵੀ ਮੌਜੂਦ ਸਨ।

Leave a Reply

Your email address will not be published. Required fields are marked *