ਜ਼ਿਲ੍ਹਾਵਾਰ ਮੀਟਿੰਗਾਂ ਵਿੱਚ ਮਿਲੇ ਭਰਪੂਰ ਜਨ ਸਮਰਥਨ ਤੋਂ ਬਾਅਦ ਹਲਕਾ ਸਮਰਾਲਾ ਦੀ ਮੀਟਿੰਗ ਨੇ ਵੀ ਧਾਰਿਆ ਰੈਲੀ ਦਾ ਰੂਪ
ਅਕਾਲੀ ਵਰਕਰ ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਧਾਰਾ ਵਿੱਚ ਹੋਣ ਲੱਗੇ ਲਾਮਬੰਦ
ਸਮਰਾਲਾ :- ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਮੀਟਿੰਗਾਂ ਨੂੰ ਜਿੱਥੇ ਜ਼ਿਲ੍ਹਾਵਾਰ ਮੀਟਿੰਗਾਂ ਵਿੱਚ ਭਰਪੂਰ ਜਨ ਸਮਰਥਨ ਮਿਲਿਆ ਉਥੇ ਹੀ ਅੱਜ ਹਲਕਾ ਸਮਰਾਲਾ ਵਿਖੇ ਹੋਈ ਮੀਟਿੰਗ ਨੇ ਵੀ ਰੈਲੀ ਦਾ ਰੂਪ ਧਾਰਿਆ। ਸਮਰਾਲਾ ਮੀਟਿੰਗ ਵਿੱਚ ਭਰਤੀ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਇਕਬਾਲ ਸਿੰਘ ਝੂੰਦਾ, ਜੱਥੇਦਾਰ ਸੰਤਾ ਸਿੰਘ ਉਮੈਦਪੁਰ ਖਾਸ ਤੌਰ ਤੇ ਹਾਜ਼ਰ ਰਹੇ।
ਮਨਪ੍ਰੀਤ ਸਿੰਘ ਇਯਾਲੀ ਨੇ ਇਸ ਮੌਕੇ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਦੁਖੀ ਅਤੇ ਹਤਾਸ਼ ਹੈ। ਇਸ ਦੀ ਮੁੱਖ ਵਜ੍ਹਾ ਯੋਗ ਸਿਆਸੀ ਅਗਵਾਈ ਦਾ ਨਾ ਰਹਿਣਾ ਹੈ। ਵੱਡੇ ਵੱਡੇ ਵਾਅਦਿਆਂ ਦਾ ਸਿਆਸੀ ਸਰੋਕਾਰ ਪੂਰਾ ਹੋਣ ਤੋਂ ਬਾਅਦ ਵਿੱਚ ਬਦਲ ਜਾਣਾ, ਇਸ ਨੇ ਪੰਜਾਬੀਆਂ ਨੂੰ ਵੱਡੇ ਪੱਧਰ ਤੇ ਹਤਾਸ਼ ਕੀਤਾ। ਇਸ ਦੇ ਨਾਲ ਹੀ ਸ. ਇਯਾਲੀ ਨੇ ਕਿਹਾ ਕਿ, ਅੱਜ ਸਾਡੀਆਂ ਵੱਡੀਆਂ ਸੰਸਥਾਵਾਂ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਹੀ ਨਹੀਂ ਸਗੋ ਸਾਜਿਸ਼ ਚਲ ਰਹੀ ਹੈ। ਸ. ਇਯਾਲੀ ਨੇ ਕਿਹਾ ਕਿ ਇਥੋਂ ਤੱਕ ਕਿ ਕੌਮ ਦੀਆਂ ਸਿਰਮੌਰ ਹਸਤੀਆਂ ਸਿੰਘ ਸਾਹਿਬਾਨ ਨੂੰ ਜਲੀਲ ਕਰਕੇ ਹਟਾਇਆ ਜਾਂਦਾ ਹੈ। ਸਰਦਾਰ ਇਯਾਲੀ ਨੇ ਕਿਹਾ ਕਿ ਅੱਜ ਹਤਾਸ਼ ਹੋ ਚੁੱਕੇ ਪੰਜਾਬੀ ਸ਼੍ਰੋਮਣੀ ਅਕਾਲੀ ਦਲ ਤੋਂ ਬੜੀਆਂ ਉਮੀਦਾਂ ਲਗਾਕੇ ਬੈਠੇ ਹਨ, ਇਸ ਲਈ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਵੀ ਜਾਰੀ ਹੋਇਆ, ਤਾਂ ਜੋ ਪੰਜਾਬ ਅਤੇ ਪੰਥ ਦੀ ਨੁਮਾਇੰਦਾ ਜਮਾਤ ਨੂੰ ਮਜ਼ਬੂਤ ਕੀਤਾ ਜਾ ਸਕੇ,ਜਿਹੜੀ ਪੰਜਾਬ ਦੇ ਹੱਕਾਂ ਦੀ ਰਾਖੀ ਕਰ ਸਕੇ। ਸਰਦਾਰ ਇਯਾਲੀ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਅੱਜ ਸਿਆਸੀ ਅਗਵਾਈ ਕਰਨ ਦਾ ਨੈਤਿਕ ਦਾ ਆਧਾਰ ਗੁਆ ਚੁੱਕੀ ਲੀਡਰਸ਼ਿਪ, ਜਿਹੜਾ ਕਿ ਹੁਕਮਨਾਮਾ ਸਾਹਿਬ ਵਿਚ ਬੜਾ ਸਪੱਸ਼ਟ ਲਿਖਿਆ ਹੈ, ਅੱਜ ਓਹ ਲੀਡਰਸ਼ਿਪ ਤਿਆਗ ਦੀ ਭਾਵਨਾ ਦਿਖਾਉਣ ਦੀ ਬਜਾਏ,ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੇ ਪਹਿਰਾ ਦੇ ਰਹੀ ਪੰਚ ਪ੍ਰਧਾਨੀ ਭਰਤੀ ਕਮੇਟੀ ਦੇ ਮੈਬਰਾਂ ਦੀ ਕਿਰਦਾਰਕੁਸ਼ੀ ਕਰਵਾ ਰਹੀ ਹੈ।
ਸ. ਇਕਬਾਲ ਸਿੰਘ ਝੂੰਦਾਂ ਨੇ ਸ. ਇਯਾਲੀ ਵਲੋ ਅਗਲੇ ਦਿੱਤੇ ਜਾਣ ਵਾਲੇ ਪ੍ਰੋਗਰਾਮਾਂ, ਨੀਤੀਆਂ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ, ਅੱਜ ਹਰ ਪੰਜਾਬੀ ਚਾਹੁੰਦਾ ਹੈ ਕਿ ਸਿਆਸਤ ਨੂੰ ਪਰਿਵਾਰਵਾਦ ਦੇ ਗਲਬੇ ਵਿੱਚੋ ਬਾਹਰ ਕੀਤਾ ਜਾਵੇ, ਇਸ ਲਈ ਪਾਰਟੀ ਦੇ ਸੰਵਿਧਾਨ ਅੰਦਰ ਵੱਡੀਆਂ ਤਬਦੀਲੀਆਂ ਕੀਤੀਆਂ ਜਾਣਗੀਆਂ। ਸਮੇਂ ਸਮੇਂ ਤੇ ਲੋਕਾਂ ਦੀ ਮੰਗ ਅਨੁਸਾਰ ਹਰ ਖੇਤਰ ਵਿੱਚ ਤਬਦੀਲੀ ਆਈ ਵੀ ਹੈ ਅਤੇ ਜਰੂਰੀ ਵੀ ਹੈ। ਇਸ ਲਈ ਸਿਆਸੀ ਖੇਤਰ ਵਿੱਚ ਖਾਸ ਕਰਕੇ ਪੰਥਕ ਅਤੇ ਅਕਾਲੀ ਸਿਆਸਤ ਵਿੱਚ ਸੰਵਿਧਾਨਿਕ ਤਬਦੀਲੀ ਆਵੇ, ਇਸ ਲਈ ਮੰਗ ਅੱਜ ਸਮੁੱਚਾ ਪੰਜਾਬ ਅਤੇ ਪੰਥ ਕਰ ਰਿਹਾ ਹੈ। ਸਰਦਾਰ ਝੂੰਦਾਂ ਨੇ ਹਾਜ਼ਰ ਅਕਾਲੀ ਵਰਕਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਮਾਂ ਲੀਡਰਸ਼ਿਪ ਬਦਲਾਅ ਦਾ ਨਹੀਂ ਸਗੋ ਸਮਰਪਿਤ ਲੀਡਰਸ਼ਿਪ ਦੀ ਅਗਵਾਈ ਦਾ ਹੈ।
ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਜਿੱਥੇ ਹਾਜ਼ਰ ਵਰਕਰਾਂ ਦਾ ਧੰਨਵਾਦ ਕੀਤਾ ਉਥੇ ਹੀ ਆਪਣੇ ਸੀਮਤ ਸਮੇਂ ਵਿੱਚ ਬੋਲਦਿਆਂ ਕਿਹਾ ਕਿ ਅੱਜ ਦੇ ਇਕੱਠ ਨੇ ਇਸ ਗੱਲ ਤੇ ਮੋਹਰ ਲਗਾਈ ਹੈ ਕਿ ਪੰਜ ਮੈਬਰਾਂ ਦੀ ਅਗਵਾਈ ਹੇਠ ਸਮੁੱਚਾ ਪੰਥ ਅਤੇ ਅਕਾਲੀ ਦਲ ਇੱਕਠਾ ਹੋ ਰਿਹਾ ਹੈ। ਜੱਥੇਦਾਰ ਉਮੈਦਪੁਰੀ ਨੇ ਕਿਹਾ ਕਿ ਵਰਕਰਾਂ ਦੇ ਭਰੋਸੇ ਨੂੰ ਕਿਸੇ ਕੀਮਤ ਉਪਰ ਟੁੱਟਣ ਨਹੀਂ ਦਿੱਤਾ ਜਾਵੇਗਾ। ਅੱਜ ਦੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਅਤੇ ਹਾਜ਼ਰ ਭਰਤੀ ਕਮੇਟੀ ਦੇ ਮੈਂਬਰਾਂ ਨੂੰ ਜੀ ਆਇਆਂ ਆਖਦੇ ਓਹਨਾ ਵਿਸ਼ਵਾਸ ਦਿਵਾਇਆ ਕਿ ਹਲਕਾ ਸਮਰਾਲਾ ਹਮੇਸ਼ਾ ਪੰਥਕ ਏਕਤਾ ਦਾ ਹਾਮੀ ਰਿਹਾ ਹੈ, ਜਿਸ ਦੀ ਮੋਹਰ ਅੱਜ ਹਾਜ਼ਰ ਵੱਡੀ ਗਿਣਤੀ ਵਿਚ ਸੰਗਤਾਂ ਨੇ ਲਗਾ ਦਿੱਤੀ ਹੈ।