ਸਪੈਸ਼ਲ ਇਜਲਾਸ ਦੀ ਮੰਗ, ਪੰਥ ਵਿਰੋਧੀ ਗੈਂਗ ਦੇ ਸਰਗਣੇ ਵਜੋਂ ਕੰਮ ਕਰ ਰਹੇ ਨੇ ਧਾਮੀ – ਬੀਬੀ ਜਗੀਰ ਕੌਰ
SGPC ਜਨਰਲ ਇਜਲਾਸ ਦੌਰਾਨ 40 ਤੋਂ SGPC ਮੈਬਰਾਂ ਵਲੋ ਹਟਾਏ ਗਏ ਸਿੰਘ ਸਾਹਿਬਾਨ ਦੀ ਮੁੜ ਬਹਾਲੀ ਲਈ ਦਿੱਤੀ ਗਈ ਦਰਖਾਸਤ ਨੂੰ ਏਜੰਡੇ ਵਿੱਚ ਲਿਆਕੇ ਮਤਾ ਨਾ ਲੈਕੇ ਆਉਣਾ ਸੰਗਤ ਦੀ ਭਾਵਨਾ ਨਾਲ ਗੁਰੂ ਦੀ ਹਜ਼ੂਰੀ ਵਿੱਚ ਖਿਲਵਾੜ ਕੀਤਾ ਗਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ, ਦੋ ਦਿਨ ਪਹਿਲਾਂ ਸਤਿਕਾਰਯੋਗ ਐਸਜੀਪੀਸੀ ਮੈਂਬਰਾਂ ਨੇ ਦੋ ਦਸੰਬਰ ਨੂੰ ਹੁਕਮਨਾਮਾ ਸੁਣਾਉਣ ਸਮੇਂ ਫ਼ਸੀਲ ਤੇ ਹਾਜ਼ਰ ਹਟਾਏ ਗਏ ਸਿੰਘ ਸਾਹਿਬਾਨ ਦੀ ਮੁੜ ਬਹਾਲੀ ਲਈ ਜਨਰਲ ਇਜਲਾਸ ਵਿੱਚ ਮਤਾ ਲਿਆਉਣ ਦੀ ਦਰਖਾਸਤ ਦਿੱਤੀ ਸੀ, ਪਰ ਅੱਜ ਜਨਰਲ ਇਜਲਾਸ ਸਮੇਂ ਮਤਾ ਨਾ ਲਿਆ ਕੇ ਪੰਥ ਵਿਰੋਧੀ ਗੈਂਗ ਦੇ ਸਰਗਣੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪਣੀ ਪੰਥ ਅਤੇ ਕੌਮ ਪ੍ਰਤੀ ਅਨੈਤਿਕਤਾ ਦੇ ਅਧਾਰ ਦਾ ਸਬੂਤ ਪੇਸ਼ ਕੀਤਾ।
ਬੀਬੀ ਜਗੀਰ ਕੌਰ ਨੇ ਮਤੇ ਦੀ ਮੰਗ ਦੀ ਵਾਰ ਵਾਰ ਮੰਗ ਕਰਨ ਲਈ ਬੀਬੀ ਕਿਰਨਜੋਤ ਕੌਰ ਵਲੋ ਉਠਾਈ ਮੰਗ ਨੂੰ ਧਾਮੀ ਸਾਹਿਬ ਵਲੋ ਘੜਮੱਸ ਕਹਿ ਕੇ ਸੰਬੋਧਨ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਬੀਬੀ ਜਗੀਰ ਕੌਰ ਨੇ ਜੋਰ ਦੇਕੇ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਹਮੇਸ਼ਾ ਨਾਰੀ ਦੇ ਸਨਮਾਨ ਦੀ ਗੱਲ ਕੀਤੀ, ਪਰ ਅੱਜ ਬਦਕਿਸਮਤੀ ਹੈ ਕਿ ਪੰਥ ਵਿਰੋਧੀ ਗੈਂਗ ਦਾ ਸਰਗਣਾ ਨਾਰੀ ਜਾਤੀ ਦੇ ਹੱਥੋਂ ਸਿੰਘ ਸਾਹਿਬਾਨ ਦੀ ਆਸ਼ੀਏ ਲਈ ਉੱਠੀ ਅਵਾਜ਼ ਨੂੰ ਬਰਦਾਸ਼ਤ ਨਹੀਂ ਕਰ ਸਕਿਆ। ਬੀਬੀ ਜਗੀਰ ਕੌਰ ਨੇ ਅਵਾਜ ਬੁਲੰਦ ਕਰ ਰਹੇ ਐਸਜੀਪੀਸੀ ਮੈਂਬਰ ਬੀਬੀ ਕਿਰਨਜੋਤ ਕੌਰ ਦੇ ਹੱਥੋਂ ਮਾਇਕ ਖੋਹੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।ਬੀਬੀ ਜਗੀਰ ਕੌਰ ਨੇ ਕਿਹਾ ਕਿ ਪ੍ਰਧਾਨ ਧਾਮੀ ਸਾਹਿਬ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਵਿਧੀ ਵਿਧਾਨ ਬਾਰੇ ਝੂਠ ਪਰੋਸਿਆ ਹੈ। 40 ਮੈਬਰਾਂ ਵਲੋ ਧਿਆਨ ਹਿੱਤ ਦਿੱਤੀ ਦਰਖਾਸਤ ਨੂੰ ਸਾਜਿਸ਼ ਹੇਠ ਮਤੇ ਦੇ ਰੂਪ ਵਿੱਚ ਲਿਆਉਣ ਤੋਂ ਭਗੌੜੇ ਹੋਏ।
ਬੀਬੀ ਜਗੀਰ ਨੇ ਕਿਹਾ ਕਿ ਇਜਲਾਸ ਦੀ ਸ਼ੁਰੂਆਤ ਤੋਂ ਪਹਿਲਾਂ ਐਸਜੀਪੀਸੀ ਸਕੱਤਰ ਨੇ ਦਿੱਤੀ ਗਈ ਦਰਖਾਸਤ ਉਪਰ ਮਤੇ ਨੂੰ ਲਿਆਂਦੇ ਜਾਣ ਦੀ ਗੱਲ ਕੀਤੀ, ਪਰ ਬਜਟ ਦੀ ਸਮਾਪਤੀ ਉਪਰੰਤ ਮਤੇ ਦੇ ਬਾਰੇ ਜਿਕਰ ਤੱਕ ਨਹੀਂ ਕੀਤਾ ਗਿਆ,ਜਿਸ ਲਈ ਤੇਜਾ ਸਿੰਘ ਸਮੁੰਦਰੀ ਹਾਲ ਇਕੱਤਰ ਮੈਬਰ ਇਸ ਪੰਥਕ ਗੁਨਾਹ ਦੇ ਚਸ਼ਮਦੀਦ ਗਵਾਹ ਬਣੇ। ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਪ੍ਰਧਾਨ ਧਾਮੀ ਨੂੰ ਸੰਗਤ ਤੋਂ ਮੁਆਫੀ ਮੰਗਣ ਦੀ ਮੰਗ ਉਠਾਉਂਦਿਆਂ ਕਿਹਾ ਕਿ ਸੰਗਤ ਵਿੱਚ ਕੋਰਾ ਝੂਠ ਕੁਫ਼ਰ ਤੋਲਿਆ ਜਾ ਰਿਹਾ ਹੈ ਕਿ 112 ਵੋਟਾਂ ਦੇ ਸਮਰਥਨ ਨਾਲ 40 ਮੈਬਰਾਂ ਦੀ ਦਰਖਾਸਤ ਵਾਲਾ ਮਤਾ ਰੱਦ ਹੋਇਆ। ਬੀਬੀ ਜਗੀਰ ਕੌਰ ਨੇ ਕਿ ਜਦੋਂ ਮਤਾ ਆਇਆ ਹੀ ਨਹੀਂ ਤਾਂ ਫਿਰ ਵੋਟਿੰਗ ਦਾ ਸਵਾਲ ਕਿਵੇਂ ਬਣਿਆ, ਜੇਕਰ ਮਤਾ ਲਿਆਉਣ ਦੀ ਹਿੰਮਤ ਅੱਜ ਜਨਰਲ ਇਜਲਾਸ ਵਿੱਚ ਹੋ ਜਾਂਦੀ ਤਾਂ ਸੌ ਫ਼ੀਸਦ ਮੈਬਰਾਂ ਨੇ ਮਤੇ ਦੇ ਸਮਰਥਨ ਵਿੱਚ ਖੜ੍ਹਨ ਦਾ ਅਹਿਦ ਕਰਨਾ ਸੀ।
ਬੀਬੀ ਜਗੀਰ ਕੌਰ ਨੇ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਮਹਾਨਤਾ ਸਰਵਉਚਤਾ ਦੀ ਰਾਖੀ ਦਾ ਹੋਕਾ ਦੇਣ ਵਾਲਿਆਂ ਨੂੰ ਏਜੰਸੀਆਂ ਕੇਂਦਰੀ ਤਾਕਤਾਂ ਦੇ ਸਮੱਰਥਨ ਵਾਲੇ ਲੋਕ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ, ਜਦੋਂ ਕਿ ਸੱਚਾਈ ਇਹ ਹੈ ਕਿ ਖੁਦ ਓਹ ਲੋਕ ਇਹਨਾਂ ਬਾਹਰੀ ਤਾਕਤਾਂ ਦੇ ਹੱਥਾਂ ਵਿਚ ਖੇਡ ਰਹੇ ਹਨ ਅਤੇ ਸਾਡੀਆਂ ਤਿੰਨੋ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ, ਐਸਜੀਪੀਸੀ ਆਏ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਚਿੱਟੇ ਦਿਨ ਬਦਲਾ ਲ਼ਊ ਭਾਵਨਾ ਤਹਿਤ ਸਿੰਘ ਸਾਹਿਬਾਨ ਹਟਾਏ ਜਾ ਰਹੇ ਹਨ ਅਤੇ ਰਾਤ ਦੇ ਹਨੇਰੇ ਵਿੱਚ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਗੈਰ ਹਾਜ਼ਰੀ ਵਿੱਚ ਤਖ਼ਤ ਸਾਹਿਬਾਨ ਦੇ ਜੱਥੇਦਾਰ ਲਗਾਏ ਜਾ ਰਹੇ ਹਨ। ਜਿਹੜੇ ਲੋਕਾਂ ਨੇ 1997 ਤੋ ਲੈਕੇ 2021 ਤੱਕ ਸਭ ਤੋਂ ਵੱਧ ਬੀਜੇਪੀ ਨਾਲ ਸਾਂਝ ਦਾ ਫਾਇਦਾ ਉਠਾਇਆ ਅੱਜ ਓਹ ਸਵਾਲ ਕਰ ਰਹੇ ਹਨ। ਓਹ ਲੋਕ ਸਵਾਲ ਕਰ ਰਹੇ ਹਨ ਜਿਹਨਾਂ ਦੇ ਅੱਜ ਵੀ ਘਰੇਲੂ ਸਮਾਗਮਾਂ ਵਿੱਚ ਬੀਜੇਪੀ ਨੇਤਾਵਾਂ ਸਮੇਤ ਕੌਮ ਦੀ ਕਾਤਲ ਜਮਾਤ ਕਾਂਗਰਸ ਦੇ ਆਗੂ ਸ਼ਾਮਿਲ ਹੁੰਦੇ ਹਨ। ਓਹ ਲੋਕ ਸਵਾਲ ਖੜੇ ਕਰ ਰਹੇ ਹਨ, ਜਿਹੜੇ ਕੇਂਦਰੀ ਮੰਤਰੀ ਦੇ ਬੇਟੇ ਦੇ ਵਿਆਹ ਮੌਕੇ ਹੱਥ ਵਿੱਚ ਗੁਲਦਸਤਾ ਫੜ ਕੇ ਬੀਜੇਪੀ ਨਾਲ ਸਾਂਝ ਵਧਾਉਣ ਲਈ ਉਤਾਵਲੇ ਨਜਰ ਆਏ। ਬੀਬੀ ਜਗੀਰ ਕੌਰ ਨੇ ਕਿਹਾ ਇਹਨਾ ਲੋਕਾਂ ਦੀ ਰਾਜਨੀਤਿਕ, ਸਮਾਜਿਕ, ਆਰਥਿਕ ਸਾਂਝਾ ਜੱਗ ਜਾਹਿਰ ਹਨ। ਇਸ ਕਰਕੇ ਸਾਨੂੰ ਸਰਟੀਫਿਕੇਟ ਦੇਣ ਦੀ ਬਜਾਏ ਆਪਣੀਆਂ ਸਾਂਝਾ ਵਾਲਿਆਂ ਡਿਗਰੀਆਂ ਨੂੰ ਸਾਂਭ ਕੇ ਰੱਖਣ।
ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਹਟਾਏ ਗਏ ਸਾਹਿਬਾਨ ਦੀ ਮੁੜ ਬਹਾਲੀ ਦੀ ਮੰਗ ਦੀ ਪੂਰਤੀ ਲਈ ਪੰਦਰਾਂ ਦਿਨਾਂ ਅੰਦਰ ਸਪੈਸ਼ਲ ਇਜਲਾਸ ਦੀ ਮੰਗ ਉਠਾਈ, ਬੀਬੀ ਜਗੀਰ ਕੌਰ ਨੇ ਕਿਹਾ ਕਿ, ਜੇਕਰ ਐਸਜੀਪੀਸੀ ਪ੍ਰਧਾਨ ਅਗਲੇ ਪੰਦਰਾਂ ਦਿਨਾਂ ਅੰਦਰ ਸਪੈਸ਼ਲ ਇਜਲਾਸ ਨਹੀਂ ਬੁਲਾਉਂਦੇ ਤਾਂ ਕਾਨੂੰਨੀ ਵਿਧੀ ਵਿਧਾਨ ਮੁਤਾਬਿਕ 31 ਮੈਬਰਾਂ ਦੀ ਸਹਿਮਤੀ ਤੇ ਓਹ ਵਿਸ਼ੇਸ਼ ਇਜਲਾਸ ਨੂੰ ਬੁਲਾਉਣ ਲਈ ਮਜਬੂਰ ਹੋਣਗੇ।