ਚੰਡੀਗੜ੍ਹ ਅਤੇ ਪੰਜਾਬ ਦੇ 15 ਜ਼ਿਲ੍ਹਿਆਂ ‘ਚ ਧੁੰਦ ਨੂੰ ਲੈ ਕੇ ਐਲਰਟ ਜਾਰੀ ਕੀਤਾ ਗਿਆ ਹੈ। 8 ਜ਼ਿਲ੍ਹਿਆਂ ਲਈ ਆਰੇਂਜ ਐਲਰਟ ਜਾਰੀ ਕੀਤਾ ਗਿਆ ਹੈ, ਜਦਕਿ 7 ਜ਼ਿਲ੍ਹੇ ਯੈਲੋ ਐਲਰਟ ਦੇ ਅਧੀਨ ਹਨ। ਸੋਮਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਧੁੱਪ ਵਾਲਾ ਮੌਸਮ ਰਿਹਾ, ਜਿਸ ਕਾਰਨ ਤਾਪਮਾਨ ਆਮ ਦੇ ਨੇੜੇ ਪਹੁੰਚ ਗਿਆ। ਇਸ ਦੌਰਾਨ ਚੰਡੀਗੜ੍ਹ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਮਾਮੂਲੀ ਸੁਧਾਰ ਹੋਇਆ ਹੈ ਪਰ ਪੰਜਾਬ ‘ਚ ਸਥਿਤੀ ਨਾਜ਼ੁਕ ਬਣੀ ਹੋਈ ਹੈ।
ਪੰਜਾਬ ਅਤੇ ਹਰਿਆਣਾ ‘ਚ ਪਰਾਲੀ ਸਾੜਨ ਦੀਆਂ ਘਟਨਾਵਾਂ ਬੇਰੋਕ ਜਾਰੀ ਹਨ। ਸੁਪਰੀਮ ਕੋਰਟ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਵੱਲੋਂ ਸਖ਼ਤ ਕਦਮ ਚੁੱਕਣ ਦੇ ਬਾਵਜੂਦ ਸੋਮਵਾਰ ਨੂੰ ਇਸ ਸੀਜ਼ਨ ਵਿੱਚ ਸਭ ਤੋਂ ਵੱਧ ਮਾਮਲੇ ਪੰਜਾਬ ‘ਚ 888 ਅਤੇ ਹਰਿਆਣਾ ਵਿੱਚ 18 ਮਾਮਲੇ ਸਾਹਮਣੇ ਆਏ। ਪੰਜਾਬ ‘ਚ ਸ੍ਰੀ ਮੁਕਤਸਰ ਸਾਹਿਬ ਤੋਂ 203, ਫਿਰੋਜ਼ਪੁਰ ਤੋਂ 108, ਮੋਗਾ ਤੋਂ 91 ਅਤੇ ਬਠਿੰਡਾ ਤੋਂ 89 ਮਾਮਲੇ ਸਾਹਮਣੇ ਆਏ ਹਨ।
ਮੌਸਮ ਵਿਭਾਗ ਨੇ ਦੱਸਿਆ ਕਿ ਅੱਜ ਪੰਜਾਬ ਭਰ ਦੇ 15 ਜ਼ਿਲ੍ਹਿਆਂ ‘ਚ ਧੁੰਦ ਛਾਈ ਹੋਈ ਹੈ। 8 ਜ਼ਿਲ੍ਹਿਆਂ, ਜਿਨ੍ਹਾਂ ਵਿੱਚ ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਬਰਨਾਲਾ, ਫਤਿਹਗੜ੍ਹ ਸਾਹਿਬ, ਮਲੇਰਕੋਟਲਾ ਅਤੇ ਪਟਿਆਲਾ ਲਈ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ SAS ਨਗਰ, ਨਵਾਂਸ਼ਹਿਰ, ਰੂਪਨਗਰ, ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ‘ਚ ਧੁੰਦ ਲਈ ਯੈਲੋ ਐਲਰਟ ਦਾ ਐਲਾਨ ਕੀਤਾ ਗਿਆ ਹੈ।