ਅੰਮ੍ਰਿਤਸਰ ਦੇ ਅਟਾਰੀ ਸਥਿਤ ਭਾਰਤੀ ਕਸਟਮ ਵਿਭਾਗ ਦੇ ਕੇ-9 (ਕੈਨਾਈਨ) ਕੇਂਦਰ ਦੇ ਕੁੱਤੇ ਨਸ਼ਿਆਂ ਦੀ ਤਸਕਰੀ ਨੂੰ ਨੱਥ ਪਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੀ ਸੁੰਘਣ ਦੀ ਸਮਰੱਥਾ ਨਾਲ 82 ਨਸ਼ੀਲੇ ਪਦਾਰਥਾਂ ਨਾਲ ਸਬੰਧਤ ਕੇਸਾਂ ਦਾ ਪਤਾ ਲਗਾਇਆ ਗਿਆ ਹੈ। ਹਾਲ ਹੀ ‘ਚ ਇਨ੍ਹਾਂ ਕੁੱਤਿਆਂ ਨੇ ਕੋਲਕਾਤਾ ‘ਚ 32 ਕਿਲੋ ਗਾਂਜਾ ਜ਼ਬਤ ਕਰਨ ‘ਚ ਮਦਦ ਕਰਕੇ ਸੁਰਖੀਆਂ ਬਟੋਰੀਆਂ ਸਨ।
ਕੈਨਾਈਨ ਕੇਂਦਰ ਦਾ ਉਦਘਾਟਨ 15 ਫਰਵਰੀ, 2020 ਨੂੰ ਕੀਤਾ ਗਿਆ ਸੀ। ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਦੇ ਉੱਚ-ਦਰਜੇ ਦੇ ਅਧਿਕਾਰੀਆਂ ਨੇ ਕਿਹਾ ਕਿ ਕੇ-9 ਸਕੁਐਡ ਦੇਸ਼ ਨੂੰ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਖਤਰਿਆਂ ਤੋਂ ਬਚਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਭਾਰਤੀ ਕਸਟਮ ਵਿਭਾਗ 1984 ਤੋਂ ਇਸ ਕੰਮ ਲਈ ਕੁੱਤਿਆਂ ਦੀ ਵਰਤੋਂ ਕਰ ਰਿਹਾ ਹੈ।
2020 ਵਿੱਚ, ਵਿਭਾਗ ਨੇ ਖੇਤਰੀ ਲੋੜਾਂ ਮੁਤਾਬਕ ਕੁੱਤਿਆਂ ਨੂੰ ਸਿਖਲਾਈ ਦੇਣ ਲਈ ਆਪਣਾ ਕੇਂਦਰ ਸਥਾਪਤ ਕੀਤਾ। ਅਟਾਰੀ ਦੇ ਕੇ-9 ਕੇਂਦਰ ਦੀ ਮੁਖੀ ਵੀਨਾ ਰਾਓ ਨੇ ਦੱਸਿਆ ਕਿ ਇਹ ਕੇਂਦਰ ਮੁੱਖ ਤੌਰ ‘ਤੇ ਜਰਮਨ ਸ਼ੈਫਰਡਸ, ਕਾਕਰ ਸਪੈਨੀਲਜ਼ ਅਤੇ ਲੈਬਰਾਡੋਰ ਰੀਟ੍ਰੀਵਰਜ਼ ਨੂੰ ਸਿਖਲਾਈ ਦਿੰਦਾ ਹੈ, ਜੋ ਕਿ ਜ਼ਿਆਦਾਤਰ ਅਰਧ ਸੈਨਿਕ ਸਹੂਲਤਾਂ ਤੋਂ ਪ੍ਰਾਪਤ ਹੁੰਦੇ ਹਨ।