ਪਹਿਲੇ ਸਿੱਖ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਨੇੜੇ ਆ ਰਿਹਾ ਹੈ, ਇਸ ਖ਼ਾਸ ਮੌਕੇ ‘ਤੇ ਪਾਕਿਸਤਾਨ ਤੋਂ ਵੱਡੀ ਖੁਸ਼ਖ਼ਬਰੀ ਆਈ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਹੈ ਕਿ ਸਿੱਖ ਸ਼ਰਧਾਲੂ ਹੁਣ ਬਿਨਾਂ ਕੋਈ ਵੀਜ਼ਾ ਫੀਸ ਲਏ ਸ਼੍ਰੀ ਕਰਤਾਰਪੁਰ ਸਾਹਿਬ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਦੇ ਹਨ।
ਕਮੇਟੀ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇੱਕ ਪੋਸਟ ਰਾਹੀਂ ਐਲਾਨ ਕੀਤਾ ਕਿ ਪਾਕਿਸਤਾਨੀ ਸਰਕਾਰ ਨੇ ਸ਼ਰਧਾਲੂਆਂ ਦੇ ਸਬੰਧ ‘ਚ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ, ਹਾਲਾਂਕਿ ਪੋਸਟ ‘ਚ “ਕਾਰੀਡੋਰ” ਸ਼ਬਦ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ। ਕਰਤਾਰਪੁਰ ਸਾਹਿਬ ਜਾਣ ਵਾਲੇ ਹਰੇਕ ਸ਼ਰਧਾਲੂ ਲਈ 20 ਡਾਲਰ ਦੀ ਵੀਜ਼ਾ ਫੀਸ ਸੀ, ਜੋ ਲਗਭਗ 1,600 ਤੋਂ 1,700 ਭਾਰਤੀ ਰੁਪਏ ਦੇ ਬਰਾਬਰ ਹੈ।
ਹਾਲਾਂਕਿ, ਇਸ ਤਾਜ਼ਾ ਫੈਸਲੇ ਤੋਂ ਬਾਅਦ ਹੁਣ ਸ਼ਰਧਾਲੂਆਂ ਨੂੰ ਇਹ ਫੀਸ ਅਦਾ ਕਰਨ ਦੀ ਲੋੜ ਨਹੀਂ ਪਵੇਗੀ। ਲਗਭਗ ਇੱਕ ਹਫਤਾ ਪਹਿਲਾਂ, ਭਾਰਤ ਅਤੇ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਸਮਝੌਤੇ ਨੂੰ 5 ਸਾਲ ਲਈ ਹੋਰ ਵਧਾਉਣ ਲਈ ਸਹਿਮਤੀ ਦਿੱਤੀ ਸੀ। ਇਸ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਨੇ ਯਾਤਰਾ ਨੂੰ ਵਧਾਉਣ ਦੇ ਉਪਾਵਾਂ ਬਾਰੇ ਵੀ ਗੱਲ ਕੀਤੀ। ਸਿੱਖ ਸ਼ਰਧਾਲੂ ਲਗਾਤਾਰ ਫੀਸ ਨੂੰ ਖਤਮ ਕਰਨ ਦੀ ਮੰਗ ਕਰਦੇ ਆ ਰਹੇ ਹਨ, ਜਿਸ ਨੂੰ ਪਾਕਿਸਤਾਨ ਨੇ ਹੁਣ ਹਟਾ ਦਿੱਤਾ ਹੈ।
ਦੇਸ਼ ਨੂੰ ਉਮੀਦ ਹੈ ਕਿ ਇਸ ਫੈਸਲੇ ਨਾਲ ਸ੍ਰੀ ਕਰਤਾਰਪੁਰ ਸਾਹਿਬ ਲਈ ਵੱਡੀ ਗਿਣਤੀ ‘ਚ ਸ਼ਰਧਾਲੂ ਆਕਰਸ਼ਿਤ ਹੋਣਗੇ। ਉਧਰ, SGPC ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਭਾਵੇਂ ਇਹ ਫੈਸਲਾ ਸ਼ਲਾਘਾਯੋਗ ਹੈ ਪਰ ਕਮੇਟੀ ਨੂੰ ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਕਮੇਟੀ ਦੇ ਟਵੀਟ ‘ਚ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਸਪੱਸ਼ਟ ਜ਼ਿਕਰ ਨਹੀਂ ਹੈ।