ਦਿੱਲੀ ਦੀ ਆਮ ਆਦਮੀ ਪਾਰਟੀ (AAP) ਨੇ ਭਾਜਪਾ ‘ਤੇ ਸਿਦਾ ਨਿਸ਼ਾਨਾ ਸਾਧਿਆ ਹੈ। ਆਪ ਸਰਕਾਰ ਨੇ ਇਹ ਦਾਅਵਾ ਕੀਤਾ ਹੈ ਕਿ ਭਾਜਪਾ ਉਨ੍ਹਾਂ ਦੀ ਪਾਰਟੀ ਦੇ 7 ਵਿਧਾਇਕਾਂ ਨਾਲ ਸੰਪਰਕ ਕਰਕੇ ਤੇ ਫਿਰ ਇਹ ਅਫਵਾਹ ਫੈਲਾ ਰਹੇ ਹਨ ਕਿ ਆਬਕਾਰੀ ਨੀਤੀ ਮਾਮਲੇ ‘ਚ CM ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਇਹ ਜਾਣਕਾਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਐਕਸ (ਟਵਿੱਟਰ) ਹੈਂਡਲ ‘ਤੇ ਸਾਂਝੀ ਕੀਤੀ ਹੈ ਤੇ ਇਹ ਲਿਖਿਆ ਹੈ ਕਿ ਪਿਛਲੇ ਦਿਨੀਂ ਭਾਜਪਾ ਨੇ ਸਾਡੇ ਦਿੱਲੀ ਦੇ 7 ਵਿਧਾਇਕਾਂ ਨਾਲ ਸੰਪਰਕ ਕੀਤਾ ਹੈ ਤੇ ਕੁਝ ਦਿਨ ਬਾਅਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਵਾਂਗੇ। ਫਿਰ ਉਸ ਦੇ ਬਾਅਦ ਵਿਧਾਇਕਾਂ ਨੂੰ ਤੋੜਾਂਗੇ, 21 ਵਿਧਾਇਕਾਂ ਨਾਲ ਗੱਲ ਹੋ ਗਈ ਹੈ ਤੇ ਹੋਰਨਾਂ ਨਾਲ ਵੀ ਗੱਲ ਕਰ ਰਹੇ ਹਾਂ।
ਇਸ ਦੇ ਬਾਅਦ ਦਿੱਲੀ ਵਿੱਚ AAP ਦੀ ਸਰਕਾਰ ਡੇਗ ਦੇਵਾਂਗੇ। ਤੁਸੀਂ ਵੀ ਆ ਜਾਓ, 25 ਕਰੋੜ ਰੁਪਏ ਦੇਵਾਂਗੇ ਤੇ ਭਾਜਪਾ ਦੀ ਟਿਕਟ ਤੋਂ ਚੋਣ ਲੜਵਾ ਦੇਵਾਂਗੇ। ਹਾਲਾਂਕਿ ਉਨ੍ਹਾਂ ਦਾ ਦਾਅਵਾ ਹੈ ਕਿ 21 ਵਿਧਾਇਕਾਂ ਨਾਲ ਸੰਪਰਕ ਕੀਤਾ ਹੈ ਪਰ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਹੁਣ ਤੱਕ 7 ਵਿਧਾਇਕਾਂ ਨਾਲ ਹੀ ਸੰਪਰਕ ਕੀਤਾ ਹੈ ਤੇ ਸਾਰਿਆਂ ਨੇ ਮਨ੍ਹਾ ਕਰ ਦਿੱਤਾ ਹੈ।
ਇਸ ਦਾ ਮਤਲਬ ਹੈ ਕਿ ਮੈਨੂੰ ਕਿਸੇ ਸ਼ਰਾਬ ਘਪਲੇ ਦੀ ਜਾਂਚ ਲਈ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਸਗੋਂ ਦਿੱਲੀ ਵਿੱਚ AAP ਸਰਕਾਰ ਡੇਗਣ ਲਈ ਸਾਜ਼ਿਸ਼ ਰਚੀ ਜਾ ਰਹੀ ਹੈ। ਪਿਛਲੇ 9 ਸਾਲਾਂ ਵਿੱਚ ਸਾਡੀ ਸਰਕਾਰ ਡੇਗਣ ਲਈ ਇਨ੍ਹਾਂ ਨੇ ਕਈ ਸਾਜ਼ਿਸ਼ਾਂ ਰਚੀਆਂ ਪਰ ਇਨ੍ਹਾਂ ਨੂੰ ਕੋਈ ਸਫਲਤਾ ਹਾਸਲ ਨਹੀਂ ਹੋਈ। ਭਗਵਾਨ ਤੇ ਜਨਤਾ ਨੇ ਹਮੇਸ਼ਾ ਸਾਡਾ ਸਾਥ ਦਿੱਤਾ, ਸਾਡੇ ਸਾਰੇ ਵਿਧਾਇਕ ਵੀ ਮਜ਼ਬੂਤੀ ਨਾਲ ਹਨ। ਇਸ ਵਾਰ ਵੀ ਇਹ ਲੋਕ ਆਪਣੇ ਨਾਪਾਕ ਇਰਾਦਿਆਂ ਵਿੱਚ ਫੇਲ ਹੋਣਗੇ।
ਇਸ ਤੋਂ ਇਲਾਵਾ ਦਿੱਲੀ ਦੇ ਲੋਕ ਇਹ ਜਾਣਦੇ ਹਨ ਕਿ ਸਾਡੀ ਸਰਕਾਰ ਨੇ ਕਿੰਨੇ ਕੰਮ ਕੀਤੇ ਹਨ, ਇਨ੍ਹਾਂ ਦੀਆਂ ਪੈਦਾ ਕੀਤੀਆਂ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਵੀ ਅਸੀਂ ਇੰਨੇ ਕੰਮ ਕੀਤੇ ਹਨ। ਦਿੱਲੀ ਦੀ ਜਨਤਾ ‘ਆਪ’ ਨਾਲ ਬਹੁਤ ਪਿਆਰ ਕਰਦੀ ਹੈ, ਇਸ ਲਈ ਚੋਣਾਂ ਵਿੱਚ ‘ਆਪ’ ਨੂੰ ਹਰਾਉਣਾ ਇਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ।