ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਕਾਰਨ ਪੰਜਾਬ ਠੰਡਾ ਹੋ ਗਿਆ ਹੈ ਤੇ ਨਾਲ ਹੀ ਠੰਡ ਨੇ ਬੁੱਧਵਾਰ ਨੂੰ 10 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਇਹ 10 ਸਾਲਾਂ ਵਿੱਚ ਪਹਿਲੀ ਵਾਰ ਦੇਖਿਆ ਗਿਆ ਜਦੋਂ 24 ਜਨਵਰੀ ਨੂੰ ਦਿਨ ਦਾ ਤਾਪਮਾਨ 6 ਡਿਗਰੀ ਤੱਕ ਦਰਜ ਕੀਤਾ ਗਿਆ ਸੀ। ਨਵਾਂਸ਼ਹਿਰ ‘ਚ ਪਹਿਲੀ ਵਾਰ ਦਿਨ ਦਾ ਤਾਪਮਾਨ 6.8 ਡਿਗਰੀ ਅਤੇ ਰਾਤ ਦਾ 1.7 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲਿਆਂ ਨੂੰ ਛੱਡ ਕੇ ਦਿਨ ਦਾ ਤਾਪਮਾਨ 7 ਤੋਂ 10 ਡਿਗਰੀ ਦੇ ਵਿਚਕਾਰ ਰਿਹਾ।
ਇਸ ਕੜਾਕੇ ਦੀ ਸਰਦੀ ਦੇ ਵਿਚਕਾਰ ਠੰਡੀਆਂ ਹਵਾਵਾਂ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਠਾਰ ਦਿੱਤਾ ਹੈ। ਬੁੱਧਵਾਰ ਨੂੰ ਪੂਰੀ ਸਵੇਰ ਸੰਘਣੀ ਧੁੰਦ ਛਾਈ ਰਹੀ, ਜਦੋਂ ਕਿ ਕੁਝ ਜ਼ਿਲਿਆਂ ‘ਚ ਦੁਪਹਿਰ ਬਾਅਦ ਹਲਕੀ ਧੁੱਪ ਨਿਕਲੀ ਸੀ। ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ਵਿੱਚ ਸਵੇਰੇ 8 ਵਜੇ ਤੋਂ ਪਹਿਲਾਂ ਵਿਜ਼ੀਬਿਲਟੀ 0 ਮੀਟਰ, ਸਵੇਰੇ 8 ਵਜੇ ਤੋਂ ਬਾਅਦ 50 ਮੀਟਰ ਸੀ।
ਮੌਸਮ ਵਿਭਾਗ ਨੇ ਪੰਜਾਬ ‘ਚ ਵੀਰਵਾਰ ਨੂੰ ਵੀ ਰੈੱਡ ਅਲਰਟ ਜਾਰੀ ਕੀਤਾ ਹੈ, ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੇ ਨਾਲ ਹੀ 26 ਜਨਵਰੀ ਨੂੰ ਵੀ ਕੜਾਕੇ ਦੀ ਠੰਢ ਰਹਿਣ ਵਾਲੀ ਹੈ। ਇਸ ਤੋਂ ਇਲਾਵਾ ਹਿਮਾਚਲ ਦੇ 7 ਜ਼ਿਲ੍ਹੇ ਬਿਲਾਸਪੁਰ, ਊਨਾ, ਕਾਂਗੜਾ, ਮੰਡੀ, ਸਿਰਮੌਰ ਅਤੇ ਸੋਲਨ ਸੰਘਣੀ ਧੁੰਦ ਦੀ ਲਪੇਟ ਵਿੱਚ ਹਨ, ਇਹਨਾਂ ਸਾਰੇ ਜ਼ਿਲ੍ਹਿਆਂ ਵਿੱਚ ਠੰਡ ਦਾ ਰਿਕਾਰਡ ਦਰਜ ਕੀਤਾ ਗਿਆ ਹੈ।