ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ SGPC ਨੂੰ ਆਦੇਸ਼ ਕੀਤਾ ਹੈ ਕਿ ਉਹ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਪੰਜਾਬ 95’ ਦੀ ਵੱਖ-ਵੱਖ ਪੱਖਾਂ ਤੋਂ ਘੋਖ ਕਰਨ ਲਈ ਤੁਰੰਤ ਸਿੱਖ ਵਿਦਵਾਨਾਂ ਦਾ ਇਕ ਉੱਚ ਪੱਧਰੀ ਪੈਨਲ ਗਠਿਤ ਕਰੇ।
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ‘ਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਆਗੂ ਤੇ SGPC ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤੇ ਗਏ ਪੱਤਰਾਂ ‘ਚ ਸ਼ੰਕਾ ਜਤਾਈ ਗਈ ਹੈ।
1984 ਤੋਂ 1995 ਤੱਕ ਚੱਲੇ ਸਿੱਖ ਸੰਘਰਸ਼ ਵੇਲੇ ਹੋਏ ਸਰਕਾਰੀ ਜਬਰ ਅਤੇ ਝੂਠੇ ਪੁਲਿਸ ਮੁਕਾਬਲਿਆਂ ਸਬੰਧੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੁਆਰਾ ਨੰਗੇ ਕੀਤੇ ਸੱਚ ਨੂੰ ਲੁਕਾਉਣ ਲਈ ਭਾਰਤੀ ਫਿਲਮ ਸੈਂਸਰ ਬੋਰਡ ਵਲੋਂ 120 ਦੇ ਲਗਪਗ ਕੱਟ ਲਗਾ ਕੇ ਭਾਰਤੀ ਸੁਪਰੀਮ ਕੋਰਟ, ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਪ੍ਰਮਾਣਿਤ ਕੀਤੇ ਤੱਥਾਂ ਅਤੇ ਕੇਂਦਰੀ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਰਿਪੋਰਟਾਂ ਨੂੰ ਬਦਲਣ ਦੇ ਯਤਨ ਕੀਤੇ ਗਏ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਪਰਿਵਾਰ ਵਲੋਂ ਜਿਸ ਅਸਲੀ ਰੂਪ ਵਿਚ ਭਾਈ ਖਾਲੜਾ ਦੇ ਜੀਵਨ ‘ਤੇ ਫਿਲਮ ਬਣਾਉਣ ਦੀ ਫਿਲਮ ਨਿਰਮਾਤਾਵਾਂ ਨੂੰ ਸਹਿਮਤੀ ਦਿੱਤੀ ਗਈ ਸੀ, ਸੈਂਸਰ ਬੋਰਡ ਵਲੋਂ ਲਗਾਏ ਕੱਟਾਂ ਤੋਂ ਬਾਅਦ ਫਿਲਮ ਦਾ ਰੂਪ ਉਸ ਤੋਂ ਬਿਲਕੁਲ ਬਦਲ ਗਿਆ ਹੈ, ਜਿਸ ਬਾਰੇ ਵੀ ਖਾਲੜਾ ਪਰਿਵਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਭੇਜੀ ਦਰਖਾਸਤ ‘ਚ ਦੁੱਖ ਜਤਾਇਆ ਹੈ।
ਜ਼ਿਕਰਯੋਗ, ਉਨ੍ਹਾਂ ਕਿਹਾ ਕਿ ਕਿਸੇ ਵੀ ਇਤਿਹਾਸਕ ਪੱਖ ‘ਤੇ ਬਣਨ ਵਾਲੀ ਫਿਲਮ ਵਿਚੋੰ ਅਦਾਲਤਾਂ, ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਮੀਡੀਆ ਦੁਆਰਾ ਪ੍ਰਮਾਣਿਤ ਕੀਤੇ ਇਤਿਹਾਸਕ ਤੱਥਾਂ ਨੂੰ ਬਦਲਣਾ ਮੌਲਿਕਤਾ ਦੇ ਅਧਿਕਾਰ ਅਤੇ ਜਮਹੂਰੀਅਤ ਦਾ ਘਾਣ ਕਰਨ ਬਰਾਬਰ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਿੱਖ ਕੌਮ ਦੇ ਸ਼ਹੀਦ ਅਤੇ ਮਨੁੱਖੀ ਅਧਿਕਾਰਾਂ ਦੇ ਨਾਇਕ ਸਨ।
ਇਸ ਤੋਂ ਇਲਾਵਾ ਉਨ੍ਹਾਂ SGPC ਨੂੰ ਲਿਖਤੀ ਪੱਤਰ ਭੇਜ ਕੇ ਆਦੇਸ਼ ਕੀਤਾ ਹੈ ਕਿ ਖਾਲੜਾ ਪਰਿਵਾਰ ਅਤੇ ਹੋਰ ਸਿੱਖ ਸੰਸਥਾਵਾਂ ਵਲੋਂ ਜਤਾਏ ਜਾ ਰਹੇ ਸ਼ੰਕਿਆਂ ਦੀ ਰੌਸ਼ਨੀ ਵਿਚ ਸ਼ਹੀਦ ਭਾਈ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫਿਲਮ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਸਾਰੇ ਪੱਖਾਂ ਤੋਂ ਘੋਖਣ ਲਈ ਤੁਰੰਤ ਸਿੱਖ ਵਿਦਵਾਨਾਂ ਦਾ ਉੱਚ ਪੱਧਰੀ ਪੈਨਲ ਬਣਾਇਆ ਜਾਵੇ ਅਤੇ ਫਿਲਮ ਨੂੰ ਅਸਲ ਰੂਪ ਵਿਚ ਰਿਲੀਜ਼ ਕਰਵਾਉਣ ਲਈ ਢੁੱਕਵੇੰ ਯਤਨ ਕੀਤੇ ਜਾਣ।