ਪੰਜਾਬ ਅਤੇ ਹਰਿਆਣਾ ਦੀ ਖਨੌਰੀ ਬਾਰਡਰ ‘ਤੇ ਸ਼ਹੀਦ ਹੋਏ ਨੌਜਵਾਨ ਸ਼ੁਬਕਰਨ ਸਿੰਘ ਦੀ ਮੌਤ ਦੇ ਪ੍ਰਤੀਕਰਮ ਵਜੋਂ ਕਿਸਾਨ ਦੇਸ਼ ਭਰ ਵਿੱਚ ਕਾਲਾ ਦਿਵਸ ਮਨਾਉਣਗੇ। ਇਹ ਫੈਸਲਾ ਸੰਯੁਕਤ ਕਿਸਾਨ ਮੋਰਚਾ ਦੀ 100 ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਲੰਬੀ ਮੀਟਿੰਗ ਦੌਰਾਨ ਕੀਤਾ ਗਿਆ। ਇਸ ਬੈਠਕ ‘ਚ ਫੈਸਲਾ ਲਿਆ ਗਿਆ ਕਿ 26 ਫਰਵਰੀ ਨੂੰ ਦੇਸ਼ ਭਰ ‘ਚ ਟਰੈਕਟਰ ਮਾਰਚ ਤੇ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਮਹਾਪੰਚਾਇਤ ਕੀਤੀ ਜਾਵੇਗੀ।
ਇਸ ਮੀਟਿੰਗ ਦੌਰਾਨ ਕਿਸਾਨ ਸ਼ੁਬਕਰਨ ਦੀ ਮੌਤ ਦੇ ਵਿਰੋਧ ‘ਚ ਦੇਸ਼ ਭਰ ਵਿੱਚ ਕਾਲੇ ਝੰਡੇ ਲਹਿਰਾਉਣ ਦਾ ਫੈਸਲਾ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਹਰਿਆਣਾ ਵੱਲੋਂ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਕਿਸਾਨ ਅੰਦੋਲਨ ਦੀ ਹਮਾਇਤ ਬਾਰੇ ਫੈਸਲਾ ਲਿਆ ਜਾਵੇਗਾ। ਪਿਛਲੇ ਕਿਸਾਨ ਅੰਦੋਲਨ ਦੇ ਦੌਰ ਦੇ ਆਗੂਆਂ ਨੂੰ ਵਾਪਸ ਲਿਆਉਣ ਲਈ 6 ਮੈਂਬਰੀ ਕਮੇਟੀ ਬਣਾਈ ਹੈ ਜਿਸ ‘ਚ ਜੋਗਿੰਦਰ ਉਗਰਾਹਾਂ, ਦਰਸ਼ਨਪਾਲ, ਰਵਿੰਦਰ ਪਟਿਆਲਾ, ਬਲਬੀਰ ਰਾਜੇਵਾਲ, ਯੁੱਧਵੀਰ ਤੇ ਹਨਨ ਮੌਲਾ ਸ਼ਾਮਲ ਹਨ।
ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਇਸ ਅੰਦੋਲਨ ‘ਚ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚਢੂਨੀ, ਬਲਬੀਰ ਰਾਜੇਵਾ, ਹਰਿੰਦਰ ਸਿੰਘ ਲੱਖੇਵਾਲ ਤੇ ਹੋਰ ਵੱਡੇ ਕਿਸਾਨ ਨੇਤਾਵਾਂ ਤੋਂ ਦੂਰੀ ਬਣਾ ਲਈ ਹੈ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਉਹ 14 ਮਾਰਚ ਨੂੰ ਦਿੱਲੀ ਨਹੀਂ ਜਾਣਗੇ ਅਤੇ ਇਸ ਦੀ ਥਾਂ ਆਪਣਾ ਵੱਖਰਾ ਪ੍ਰਦਰਸ਼ਨ ਕਰਨਗੇ।