CM ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਗਣਤੰਤਰ ਦਿਵਸ ਦੇ ਮੌਕੇ ‘ਤੇ ਵੱਡਾ ਤੋਹਫ਼ਾ ਦੇਣ ਜਾ ਰਹੇ ਹੈ। ਦਰਅਸਲ, ਪੰਜਾਬ ਸਰਕਾਰ ਵੱਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ‘ਤੇ ਸੂਬੇ ਵਿੱਚ ਨਵੇਂ 125 ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਹੁਣ ਇਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਸੂਬੇ ‘ਚ ਕੁੱਲ ਕਲੀਨਿਕਾਂ ਦੀ ਗਿਣਤੀ 769 ਹੋ ਜਾਵੇਗੀ।
ਇਸ ਸਬੰਧੀ CM ਮਾਨ ਲੁਧਿਆਣਾ ‘ਚ 26 ਜਨਵਰੀ ਨੂੰ ਵੱਡਾ ਐਲਾਨ ਕਰ ਸਕਦੇ ਹਨ। ਇਸ ਤੋਂ ਪਹਿਲਾਂ ਸੂਬੇ ‘ਚ 644 ਮੁਹੱਲਾ ਕਲੀਨਿਕ ਖੁੱਲ੍ਹ ਚੁੱਕੇ ਹਨ, ਜਿਨ੍ਹਾਂ ਦਾ ਲੋਕਾਂ ਵੱਲੋਂ ਖ਼ੂਬ ਲਾਭ ਲਿਆ ਜਾ ਰਿਹਾ ਹੈ।
ਇਸ ਸੰਬੰਧੀ ਸਿਹਤ ਮੰਤਰੀ ਨੇ ਕਿਹਾ ਕਿ ਨਿੱਜੀ ਹਸਪਤਾਲਾਂ ‘ਚ ਇਲਾਜ ਕਰਵਾਉਣ ਤੋਂ ਅਸਮਰੱਥ ਲੋਕਾਂ ਲਈ ਮੁਹੱਲਾ ਕਲੀਨਿਕ ਵਰਦਾਨ ਸਾਬਤ ਹੋ ਰਹੇ ਹਨ ਕਿਉਂਕਿ ਇਨ੍ਹਾਂ ਕਲੀਨਿਕਾਂ ਵਿੱਚ ਮਾਹਿਰ ਡਾਕਟਰ ਮਰੀਜ਼ਾਂ ਦੀ ਜਾਂਚ ਕਰਦੇ ਹਨ। ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਤੇ ਵਿੱਤੀ ਸ਼ੋਸ਼ਣ ਬੰਦ ਹੋ ਗਿਆ ਹੈ।
ਇਸ ਤੋਂ ਇਲਾਵਾ ਸਿਹਤ ਵਿਭਾਗ ਅਨੁਸਾਰ ਲੁਧਿਆਣਾ ‘ਚ 16 ਨਵੇਂ ਕਲੀਨਿਕ, 10 ਕਲੀਨਿਕ ਅੰਮ੍ਰਿਤਸਰ, 9 ਬਠਿੰਡਾ, 3 ਫਰੀਦਕੋਟ, 2 ਫਿਰੋਜ਼ਪੁਰ, 6 ਗੁਰਦਾਸਪੁਰ, 10 ਜਲੰਧਰ, 4 ਕਪੂਰਥਲਾ, 3 ਮੋਗਾ, 3 ਪਠਾਨਕੋਟ, 7 ਪਟਿਆਲਾ, 8 ਸੰਗਰੂਰ, 2 ਐਸ.ਬੀ.ਐਸ ਨਗਰ, 2 ਸ਼੍ਰੀ ਮੁਕਤਸਰ ਸਾਹਿਬ ਅਤੇ 11 ਤਰਨ ਤਾਰਨ ਵਿੱਚ ਖੋਲ੍ਹੇ ਜਾਣਗੇ।
ਇਸ ਦੇ ਨਾਲ ਹੀ ਇਨ੍ਹਾਂ ਸਾਰੇ ਕਲੀਨਿਕਾਂ ‘ਚ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ। ਕਲੀਨਿਕਾਂ ਦਾ ਕੰਮ ਹੁਣ ਆਖਰੀ ਪੜਾਅ ‘ਤੇ ਹੈ, ਇਨ੍ਹਾਂ ਦੇ ਸ਼ੁਰੂ ਹੁੰਦੇ ਹੀ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ ਤੇ ਉਨ੍ਹਾਂ ਨੂੰ ਇਲਾਜ ਲਈ ਧੱਕੇ ਨਹੀਂ ਖਾਣੇ ਪੈਣਗੇ।