ਗਣਤੰਤਰ ਦਿਵਸ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਹੋਇਆ, ਰਾਜਧਾਨੀ ਦਿੱਲੀ ਦੇ ਵੱਡੇ ਰੇਲਵੇ ਸਟੇਸ਼ਨਾਂ ‘ਤੇ 23 ਤੋਂ 26 ਜਨਵਰੀ ਤੱਕ ਪਾਰਸਲ ਸੇਵਾ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੌਰਾਨ ਪਾਰਸਲ ਦੀ ਕੋਈ ਬੁਕਿੰਗ ਨਹੀਂ ਹੋਵੇਗੀ ਤੇ ਬਾਹਰੋਂ ਆਉਣ ਵਾਲੇ ਪਾਰਸਲਾਂ ‘ਤੇ ਵੀ ਪਾਬੰਦੀ ਰਹੇਗੀ। ਇਸ ਪਾਬੰਦੀ ਤੋਂ ਅਖ਼ਬਾਰਾਂ ਤੇ ਰਸਾਲਿਆਂ ਨੂੰ ਬਾਹਰ ਰੱਖਿਆ ਗਿਆ ਹੈ, ਜ਼ਰੂਰੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਹੀ ਅਖ਼ਬਾਰਾਂ ਤੇ ਰਸਾਲੇ ਭੇਜੇ ਅਤੇ ਪ੍ਰਾਪਤ ਕੀਤੇ ਜਾਣਗੇ।
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਦਿੱਲੀ, ਪੁਰਾਣੀ ਦਿੱਲੀ, ਹਜ਼ਰਤ ਨਿਜ਼ਾਮੂਦੀਨ, ਆਨੰਦ ਵਿਹਾਰ ਟਰਮੀਨਲ, ਦਿੱਲੀ ਸਰਾਏ ਰੋਹਿਲਾ ਅਤੇ ਆਦਰਸ਼ ਨਗਰ ਰੇਲਵੇ ਸਟੇਸ਼ਨਾਂ ‘ਤੇ ਪਾਰਸਲ ਸੇਵਾ ਚਾਰ ਦਿਨਾਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਸ ਦੌਰਾਨ ਨਾ ਤਾਂ ਪਾਰਸਲ ਦੀ ਕੋਈ ਬੁਕਿੰਗ ਹੋਵੇਗੀ ਅਤੇ ਨਾ ਹੀ ਕਿਸੇ ਹੋਰ ਸਟੇਸ਼ਨ ਤੋਂ ਭੇਜੇ ਗਏ ਸਾਮਾਨ ਨੂੰ ਇੱਥੇ ਉਤਾਰਿਆ ਜਾਵੇਗਾ। ਯਾਤਰੀ ਆਪਣੇ ਸਾਮਾਨ ਨਾਲ ਲੈ ਕੇ ਸਫ਼ਰ ਕਰ ਸਕਦੇ ਹਨ। ਚਾਰ ਦਿਨਾਂ ਲਈ ਪਲੈਟਫਾਰਮ ‘ਤੇ ਕੋਈ ਪਾਰਸਲ ਆਈਟਮ ਨਹੀਂ ਰੱਖੀ ਜਾਵੇਗੀ। ਇਸ ਤੋਂ ਇਲਾਵਾ ਗੋਦਾਮ ਅਤੇ ਪਲੇਟਫਾਰਮ ਖ਼ਾਲੀ ਰਹਿਣਗੇ।