ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਾ ਤਸਕਰ ਕਾਬੂ, 170 ਗ੍ਰਾਮ ਹੈਰੋਇਨ, ਡਰੱਗ ਮਨੀ ਅਤੇ ਕਾਰ ਸਵਿੱਫਟ ਬ੍ਰਾਮਦ
ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਅਧੀਨ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਥਾਣਾ ਸੀ-ਡਵੀਜ਼ਨ ਦੀ ਪੁਲਿਸ ਨੇ 170 ਗ੍ਰਾਮ ਹੈਰੋਇਨ, ਡਰੱਗ ਮਨੀ ਅਤੇ ਕਾਰ ਸਮੇਤ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਮਾਮਲੇ ਵਿੱਚ ਗ੍ਰਿਫ਼ਤਾਰ ਦੋਸ਼ੀ ਦੀ ਪਛਾਣ ਰਣਜੀਤ ਸਿੰਘ ਉਰਫ਼ ਵਿੱਕੀ ਪੁੱਤਰ ਮਨੋਹਰ ਸਿੰਘ, ਵਾਸੀ ਮਕਾਨ ਨੰਬਰ 1012, ਗਲੀ ਨੰਬਰ 01, ਨਗਰ ਨਿਗਮ ਕਲੋਨੀ, ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਰਣਜੀਤ ਸਿੰਘ ਨੂੰ ਗਸ਼ਤ ਦੌਰਾਨ ਥਾਣਾ ਸੀ-ਡਵੀਜ਼ਨ ਦੇ ਖੇਤਰ ਵਿੱਚ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ, ਜਿਸ ਦੀ ਤਲਾਸ਼ੀ ਦੌਰਾਨ ਉਸ ਕੋਲੋਂ 170 ਗ੍ਰਾਮ ਹੈਰੋਇਨ, ₹720 ਨਕਦ (ਜਿਸ ਨੂੰ ਡਰੱਗ ਮਨੀ ਅੰਦਾਜ਼ਾ ਲਾਇਆ ਜਾ ਰਿਹਾ ਹੈ) ਅਤੇ ਇੱਕ ਮਾਰੁਤੀ ਸਵਿੱਫਟ ਕਾਰ ਬ੍ਰਾਮਦ ਹੋਈ।
ਇਸ ਸਾਰੇ ਆਪਰੇਸ਼ਨ ਦੀ ਅਗਵਾਈ ਐਸ.ਆਈ. ਜਗਤਾਰ ਸਿੰਘ ਵੱਲੋਂ ਕੀਤੀ ਗਈ, ਜੋ ਆਪਣੇ ਸਾਥੀ ਕਰਮਚਾਰੀਆਂ ਸਮੇਤ ਗਸ਼ਤ ‘ਤੇ ਸੀ। ਇਸ ਕਾਰਵਾਈ ਨੂੰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਸਿੱਧੀ ਹਦਾਇਤਾਂ ਅਤੇ ਸ੍ਰੀ ਵਿਸ਼ਾਲਜੀਤ ਸਿੰਘ, ਏ.ਡੀ.ਸੀ.ਪੀ ਸਿਟੀ-1 ਅਤੇ ਸ੍ਰੀ ਪ੍ਰਵੇਸ਼ ਚੋਪੜਾ, ਏ.ਸੀ.ਪੀ ਦੱਖਣੀ ਦੀ ਨਿਗਰਾਨੀ ਹੇਠ ਅੰਜ਼ਾਮ ਦਿੱਤਾ ਗਿਆ।
ਪੁਲਿਸ ਅਧਿਕਾਰੀਆਂ ਦੇ ਅਨੁਸਾਰ ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ, ਤਾਂ ਜੋ ਹੋਰ ਪੜਤਾਲ ਕੀਤੀ ਜਾ ਸਕੇ ਅਤੇ ਇਸ ਤਸਕਰ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਜਾਣਕਾਰੀ ਇਕੱਤਰ ਕੀਤੀ ਜਾ ਸਕੇ।
ਪੁਲਿਸ ਵੱਲੋਂ ਇਹ ਵੀ ਦੱਸਿਆ ਗਿਆ ਕਿ ਰਣਜੀਤ ਸਿੰਘ ਮੂਲ ਤੌਰ ‘ਤੇ ਇਕ ਆਦਤੂ ਨਸ਼ਾ ਤਸਕਰ ਹੈ, ਜਿਸਦੇ ਖਿਲਾਫ ਪਹਿਲਾਂ ਵੀ ਕਈ ਗੰਭੀਰ ਮਾਮਲੇ ਦਰਜ ਹਨ। ਹੁਣ ਪੁਲਿਸ ਉਸਦੇ ਮੋਬਾਈਲ ਡਾਟਾ, ਸਾਥੀਆਂ ਅਤੇ ਹੋਰ ਸੰਭਾਵਿਤ ਸਪਲਾਈ ਲਾਈਨਾਂ ਦੀ ਜਾਂਚ ਕਰ ਰਹੀ ਹੈ।
ਅੰਮ੍ਰਿਤਸਰ ਪੁਲਿਸ ਵੱਲੋਂ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਵਿੱਚ ਸਹਿਯੋਗ ਦੇਣ ਅਤੇ ਕਿਸੇ ਵੀ ਨਸ਼ਾ ਤਸਕਰ ਜਾਂ ਸ਼ੱਕੀ ਗਤਿਵਿਧੀ ਬਾਰੇ ਨਿਕਟਮ ਥਾਣੇ ਜਾਂ ਹੈਲਪਲਾਈਨ ‘ਤੇ ਤੁਰੰਤ ਜਾਣਕਾਰੀ ਦਿੱਤੀ ਜਾਵੇ।