PM ਮੋਦੀ ਨੇ ਲੋਕ ਸਭਾ ਚੋਣਾਂ ‘ਚ ਆਪਣੀ ਪਾਰਟੀ ਦੀਆਂ ਸੀਟਾਂ ‘ਚ ਕਮੀ ‘ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਰਾਜਨੀਤੀ ‘ਚ ਹਾਰ ਅਤੇ ਜਿੱਤ ਦੋਵੇਂ ਆਮ ਹਨ, ਦੇਸ਼ ਅਤੇ ਸਮਾਜ ਦੇ ਭਲੇ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ। ਜ਼ਿਕਰਯੋਗ, ਚੋਣ ਨਤੀਜਿਆਂ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੇ ਇਸ ਮੁੱਦੇ ਨੂੰ ਸੰਬੋਧਿਤ ਕੀਤਾ ਹੈ।
ਪਿਛਲੀ ਸਰਕਾਰ ਦੀ ਕੈਬਨਿਟ ਮੀਟਿੰਗ ਦੌਰਾਨ PM ਮੋਦੀ ਨੇ ਪਿਛਲੇ 10 ਸਾਲਾਂ ਦੀ ਸਫ਼ਲਤਾ ਬਾਰੇ ਚਰਚਾ ਕੀਤੀ ਅਤੇ ਭਵਿੱਖ ‘ਚ ਵੀ ਤਰੱਕੀ ਜਾਰੀ ਰੱਖਣ ਦਾ ਭਰੋਸਾ ਪ੍ਰਗਟਾਇਆ। ਉਨਾਂ ਨੇ ਕਿਹਾ ਕਿ ਰਾਜਨੀਤੀ ‘ਚ ਉਤਰਾਅ-ਚੜ੍ਹਾਅ ਤਾਂ ਆਉਂਦੇ ਰਹਿੰਦੇ ਹਨ। ਸਾਡੀ ਸਰਕਾਰ ਨੇ ਬਹੁਤ ਚੰਗਾ ਕੰਮ ਕੀਤਾ ਹੈ। ਅਰਥਵਿਵਸਥਾ ਨੂੰ ਅੱਗੇ ਲਿਜਾਣ ਦਾ ਕੰਮ ਕੀਤਾ ਹੈ, ਅੱਗੇ ਹੋਰ ਵੀ ਬੇਹਤਰ ਕਰਾਂਗੇ।
ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਲੋਕ ਸਭਾ ਭੰਗ ਕਰਨ ਦੀ ਸਿਫਾਰਿਸ਼ ਕੀਤੀ ਅਤੇ PM ਸਮੇਤ ਪੂਰੀ ਕੈਬਨਿਟ ਨੇ ਅਸਤੀਫਾ ਦੇ ਦਿੱਤਾ। ਮੋਦੀ ਨੇ ਫਿਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਆਪਣਾ ਅਸਤੀਫਾ ਸੌਂਪਿਆ, ਉਨਾਂ ਨੇ ਇਸ ਨੂੰ ਸਵੀਕਾਰ ਕਰ ਲਿਆ ਅਤੇ ਨਵੀਂ ਸਰਕਾਰ ਬਣਨ ਤੱਕ ਆਪਣੇ ਮੰਤਰੀਆਂ ਨਾਲ ਕੰਮ ਕਰਨਾ ਜਾਰੀ ਰੱਖਣ ਦੀ ਅਪੀਲ ਕੀਤੀ।