ਮੌਸਮ ਵਿਭਾਗ ਨੇ ਪੰਜਾਬ ਦੇ 15 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ ਤੇ ਨਾਲ ਹੀ ਤੇਜ਼ ਹਵਾਵਾਂ, ਤੇਜ਼ ਮੀਂਹ, ਗਰਜ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਵੀ ਦਿੱਤੀ ਹੈ। ਨਤੀਜੇ ਵਜੋਂ ਦਿਨ ਦੇ ਤਾਪਮਾਨ ‘ਚ 3 ਤੋਂ 4 ਡਿਗਰੀ ਦੀ ਗਿਰਾਵਟ ਆ ਸਕਦੀ ਹੈ, ਜਦੋਂ ਕਿ ਰਾਤ ਦੇ ਤਾਪਮਾਨ ਵਿੱਚ ਥੋੜੀ ਜਿਹੀ ਗਿਰਾਵਟ ਆਵੇਗੀ।
ਇਸ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ, ਜਿਨ੍ਹਾਂ ‘ਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਮੋਗਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸਏਐਸ ਨਗਰ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ ‘ਚ ਮੌਸਮ ਵਿੱਚ ਤਬਦੀਲੀ ਆਉਣ ਦੀ ਸੰਭਾਵਨਾ ਹੈ। ਮੰਗਲਵਾਰ ਨੂੰ ਪੱਛਮੀ ਗੜਬੜੀ ਦੀ ਸਰਗਰਮੀ ਹੋਣ ਕਾਰਨ ਮੌਸਮ ‘ਚ ਇਹ ਬਦਲਾਅ ਦੇਖਣ ਨੂੰ ਮਿਲੇਗਾ।
ਜ਼ਿਕਰਯੋਗ, ਪੰਜਾਬ ‘ਚ ਸੋਮਵਾਰ ਨੂੰ ਘੱਟੋ-ਘੱਟ ਤਾਪਮਾਨ ‘ਚ 1.6 ਡਿਗਰੀ ਦਾ ਵਾਧਾ ਹੋਇਆ, ਪਰ ਫਿਲਹਾਲ ਇਹ ਆਮ ਪੱਧਰ ਦੇ ਨੇੜੇ ਹੈ। ਮੋਗਾ 9.3 ਡਿਗਰੀ ‘ਤੇ ਸਭ ਤੋਂ ਠੰਢਾ ਰਿਹਾ, ਜਦੋਂ ਕਿ ਬਠਿੰਡਾ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਫਰੀਦਕੋਟ ਅਤੇ ਜਲੰਧਰ ਵਰਗੇ ਹੋਰ ਸ਼ਹਿਰਾਂ ‘ਚ ਵੀ ਤਾਪਮਾਨ ਆਮ ਨਾਲੋਂ ਘੱਟ ਰਿਹਾ।
ਇਸ ਤੋਂ ਇਲਾਵਾ ਪੰਜਾਬ ‘ਚ ਵੱਧ ਤੋਂ ਵੱਧ ਤਾਪਮਾਨ ‘ਚ 0.9 ਡਿਗਰੀ ਦਾ ਵਾਧਾ ਹੋਇਆ ਹੈ, ਜੋ ਕਿ ਆਮ ਨਾਲੋਂ ਕਰੀਬ ਹੈ। ਪਠਾਨਕੋਟ ‘ਚ ਸਭ ਤੋਂ ਵੱਧ ਤਾਪਮਾਨ 28.4 ਡਿਗਰੀ, ਅੰਮ੍ਰਿਤਸਰ ‘ਚ 26.6 ਡਿਗਰੀ, ਲੁਧਿਆਣਾ ‘ਚ 26.8 ਡਿਗਰੀ, ਪਟਿਆਲਾ ‘ਚ 27.6 ਡਿਗਰੀ, ਬਠਿੰਡਾ ‘ਚ 27.2 ਡਿਗਰੀ, ਫਰੀਦਕੋਟ ‘ਚ 26.5 ਡਿਗਰੀ ਅਤੇ ਜਲੰਧਰ ‘ਚ 25.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ।