ਮਾਲਦੀਵ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਅਪਮਾਨਜਨਕ ਟਿੱਪਣੀਆਂ ਕਰਨ ਵਾਲੇ ਤਿੰਨ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਹੈ। ਸਰਕਾਰ ਨੇ ਉਨ੍ਹਾਂ ਦੀਆਂ ਟਿੱਪਣੀਆਂ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਤੇ ਕਿਹਾ ਕਿ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ। ਯੁਵਾ ਮੰਤਰਾਲਾ ਦੇ ਤਿੰਨ ਉਪ ਮੰਤਰੀਆਂ ਮਲਸ਼ਾ ਸ਼ਰੀਫ, ਮਰੀਅਮ ਸ਼ਿਓਨਾ ਅਤੇ ਅਬਦੁੱਲਾ ਮਹਿਜੂਮ ਮਜੀਦ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
PM ਮੋਦੀ ਵੱਲੋਂ ਲਕਸ਼ਦੀਪ ’ਚ ਬੀਚ ਦਾ ਵੀਡੀਓ ਪੋਸਟ ਕਰਨ ਤੋਂ ਬਾਅਦ ਮਾਲਦੀਵ ਦੇ ਇਕ ਮੰਤਰੀ ਅਤੇ ਕੁਝ ਹੋਰ ਨੇਤਾਵਾਂ ਨੇ ਸੋਸ਼ਲ ਮੀਡੀਆ ’ਤੇ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ ਜਿਸ ਪਿੱਛੋਂ ਵਿਵਾਦ ਖੜ੍ਹਾ ਹੋ ਗਿਆ ਸੀ।
ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਕਿਹਾ ਕਿ ਗੁਆਂਢੀ ਦੇਸ਼ ਭਾਰਤ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਵਾਲੇ ਮੰਤਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮਾਲਦੀਵ ਦੀ ਸਰਕਾਰ ਨੇ ਸੋਸ਼ਲ ਮੀਡੀਆ ’ਤੇ ਅਜਿਹੇ ਵਿਅਕਤੀਆਂ ਖਿਲਾਫ਼ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ, ਜਿਨ੍ਹਾਂ ਦਾ ਵਤੀਰਾ ਅੰਤਰਰਾਸ਼ਟਰੀ ਸਬੰਧਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਮਾਲਦੀਵ ਦੀਆਂ ਵਿਰੋਧੀ ਪਾਰਟੀਆਂ ਨੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਦੀ ਸਰਕਾਰ ਦੇ ਤਿੰਨ ਮੰਤਰੀਆਂ ਦੀਆਂ ਅਪਮਾਨਜਨਕ ਟਿੱਪਣੀਆਂ ’ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਅਤੇ ਸਰਕਾਰ ਦੀ ਨਿੰਦਾ ਕੀਤੀ ਹੈ। ਸਾਬਕਾ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨੇ ਕਿਹਾ ਕਿ ਮੈਂ ਸੋਸ਼ਲ ਮੀਡੀਆ ’ਤੇ ਮਾਲਦੀਵ ਸਰਕਾਰ ਦੇ ਅਧਿਕਾਰੀਆਂ ਵਲੋਂ ਭਾਰਤ ਵਿਰੁੱਧ ਨਫ਼ਰਤ ਭਰੀ ਭਾਸ਼ਾ ਦੀ ਵਰਤੋਂ ਦੀ ਨਿੰਦਾ ਕਰਦਾ ਹਾਂ। ਭਾਰਤ ਹਮੇਸ਼ਾ ਹੀ ਮਾਲਦੀਵ ਦਾ ਚੰਗਾ ਮਿੱਤਰ ਰਿਹਾ ਹੈ ਤੇ ਅਜਿਹੀਆਂ ਅਪਮਾਨਜਨਕ ਟਿੱਪਣੀਆਂ ਦਾ ਸਾਡੇ ਦੋਵਾਂ ਦੇਸ਼ਾਂ ਦੀ ਸਦੀਆਂ ਪੁਰਾਣੀ ਦੋਸਤੀ ’ਤੇ ਕੋਈ ਗ਼ਲਤ ਅਸਰ ਨਹੀਂ ਪੈਣ ਦੇਣਾ ਚਾਹੀਦਾ।