ਬਾਸ਼ਰਤ ਜਮਾਨਤ ’ਤੇ ਰਿਹਾਅ ਹੋਏ 3 ਬੰਦੀ ਸਿੰਘਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸਨਮਾਨ

ਪਿਛਲੇ 28 ਸਾਲਾਂ ਤੋਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਨਜ਼ਰਬੰਦ ਬਾਸ਼ਰਤ ਜਮਾਨਤ ’ਤੇ ਰਿਹਾਅ ਹੋਏ 3 ਬੰਦੀ ਸਿੰਘਾਂ ਇੰਜੀਨੀਅਰ ਭਾਈ ਗੁਰਮੀਤ ਸਿੰਘ ਪਟਿਆਲਾ, ਭਾਈ ਲਖਵਿੰਦਰ ਸਿੰਘ ਲੱਖਾ ਅਤੇ ਭਾਈ ਸ਼ਮਸ਼ੇਰ ਸਿੰਘ ਉਕਸੀ ਜੱਟਾਂ ਦਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਨਮਾਨ ਕੀਤਾ। ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ SGPC ਹਮੇਸ਼ਾ ਸੰਘਰਸ਼ਸ਼ੀਲ ਸਿੰਘਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਖੜ੍ਹੇ ਹਨ।

ਇਸ ਦੌਰਾਨ ਉਨ੍ਹਾਂ ਆਖਿਆ ਕਿ ਜਿਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ’ਤੇ SGPC ਵਲੋਂ ਪਿਛਲੇ ਲੰਬੇ ਸਮੇਂ ਤੋਂ ਕਾਨੂੰਨੀ ਲੜਾਈ ਲੜੀ ਜਾ ਰਹੀ ਹੈ, ਉਨ੍ਹਾਂ ‘ਚ ਭਾਈ ਗੁਰਮੀਤ ਸਿੰਘ ਪਟਿਆਲਾ, ਭਾਈ ਲਖਵਿੰਦਰ ਸਿੰਘ ਲੱਖਾ ਅਤੇ ਭਾਈ ਸ਼ਮਸ਼ੇਰ ਸਿੰਘ ਵੀ ਸ਼ਾਮਲ ਹਨ। ਇਹ ਸਿੰਘ ਬਾਸ਼ਰਤ ਜਮਾਨਤ ’ਤੇ ਰਿਹਾਅ ਹੋਏ ਹਨ ਅਤੇ ਉਹ ਬੰਦੀਛੋੜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅੱਗੇ ਅਰਦਾਸ ਕਰਦੇ ਹਨ ਕਿ ਜਲਦ ਹੀ ਇਨ੍ਹਾਂ ਸਾਰੇ ਬੰਦੀ ਸਿੰਘਾਂ ਨੂੰ ਪੱਕੀ ਰਿਹਾਈ ਵੀ ਮਿਲੇ।

ਇਸ ਮੌਕੇ ਭਾਈ ਗੁਰਮੀਤ ਸਿੰਘ ਪਟਿਆਲਾ, ਭਾਈ ਲਖਵਿੰਦਰ ਸਿੰਘ ਲੱਖਾ ਅਤੇ ਭਾਈ ਸ਼ਮਸ਼ੇਰ ਸਿੰਘ ਉਕਸੀ ਜੱਟਾਂ ਨੇ ਆਖਿਆ ਕਿ ਮੌਜੂਦਾ ਸਮੇਂ ‘ਚ ਖ਼ਾਲਸਾ ਪੰਥ ਦੀ ਆਪਸੀ ਏਕਤਾ ਦੀ ਸਭ ਤੋਂ ਤਰਜੀਹੀ ਲੋੜ ਹੈ। ਪੰਥਕ ਏਕਤਾ ਹੋਵੇ ਤਾਂ ਦੁਨੀਆ ਦੀ ਵੱਡੀ ਤੋਂ ਵੱਡੀ ਤਾਕਤ ਵੀ ਸਾਡੇ ਅੱਗੇ ਝੁਕੇਗੀ ਅਤੇ ਹਰ ਬਾਹਰੀ ਸਮੱਸਿਆ ਦਾ ਹੱਲ ਹੋ ਸਕਦਾ ਹੈ। ਜੇਲ੍ਹਾਂ ‘ਚ ਦਹਾਕਿਆਂ ਦੀ ਨਜ਼ਰਬੰਦੀ ਵੀ ਉਨ੍ਹਾਂ ਦੀ ਆਤਮਿਕ ਚੜ੍ਹਦੀਕਲਾ ‘ਚ ਫਰਕ ਨਹੀਂ ਪਾ ਸਕੀ ਪਰ ਪੰਥ ਦੇ ਬਿਖੜੇ ਹਾਲਾਤਾਂ ਨੂੰ ਵੇਖ ਕੇ ਚਿੰਤਾ ਜ਼ਰੂਰ ਪੈਦਾ ਹੋ ਜਾਂਦੀ ਹੈ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜੋ ਕੀਤਾ, ਗੁਰੂ ਦੇ ਹੁਕਮ ਅਨੁਸਾਰ ਕੀਤਾ ਅਤੇ ਉਨ੍ਹਾਂ ਨੂੰ ਕਦੇ ਵੀ ਆਪਣੀ ਨਜ਼ਰਬੰਦੀ ਲਈ ਕਿਸੇ ’ਤੇ ਕੋਈ ਗਿਲ੍ਹਾ-ਸ਼ਿਕਵਾ ਨਹੀਂ ਰਿਹਾ। ਜੇਲ੍ਹ ਅੰਦਰ ਆਪਣੀ ਨਜ਼ਰਬੰਦੀ ਦਾ ਸਮਾਂ ਉਨ੍ਹਾਂ ਦੇ ਗੁਰਬਾਣੀ ਅਤੇ ਸਿਮਰਨ ਦਾ ਆਸਰਾ ਲੈ ਕੇ ਕੱਟਿਆ ਹੈ ਅਤੇ ਉਹ ਅੱਜ ਵੀ ਚੜ੍ਹਦੀ ਕਲਾ ਨਾਲ ਪੰਥ ਦੀ ਹਰ ਤਰ੍ਹਾਂ ਸੇਵਾ ਕਰਨ ਲਈ ਤਿਆਰ ਹਨ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਨਿਜੀ ਸਹਾਇਕ ਸ. ਜਸਪਾਲ ਸਿੰਘ ਤੇ ਸ. ਅਜੀਤ ਸਿੰਘ, ਭਗਵਾਨ ਸਿੰਘ ਅਤੇ ਬਾਸ਼ਰਤ ਜਮਾਨਤ ‘ਤੇ ਰਿਹਾਅ ਹੋਏ ਬੰਦੀ ਸਿੰਘਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *