ਦੇਸ਼ ਦੇ ਵੱਖ-ਵੱਖ ਖੇਤਰਾਂ ‘ਚ ਮੌਸਮ ਬਦਲ ਗਿਆ ਹੈ, IMD ਨੇ ਆਉਣ ਵਾਲੇ ਦਿਨਾਂ ‘ਚ ਪਹਾੜਾਂ ਵਿੱਚ ਹਲਕੀ ਬਰਫ਼ਬਾਰੀ ਅਤੇ ਮੀਂਹ ਦੀ ਸੰਭਾਵਨਾ ਦੀ ਭਵਿੱਖਬਾਣੀ ਕੀਤੀ ਹੈ। ਮੈਦਾਨੀ ਇਲਾਕਿਆਂ ‘ਚ ਵੀ ਮੀਂਹ ਪੈ ਸਕਦਾ ਹੈ, 11 ਤੋਂ 13 ਮਾਰਚ ਤੱਕ ਪੱਛਮੀ ਹਿਮਾਲੀਅਨ ਖੇਤਰਾਂ ‘ਚ ਹਲਕੀ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ ਅਤੇ 12 ਅਤੇ 13 ਮਾਰਚ ਨੂੰ ਮੈਦਾਨੀ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
IMD ਨੇ ਭਵਿੱਖਬਾਣੀ ਕੀਤੀ ਹੈ ਕਿ 10 ਤੋਂ 12 ਮਾਰਚ ਤੱਕ ਜੰਮੂ ਅਤੇ ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕੁਝ ਖੇਤਰਾਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ। ਪੰਜਾਬ ‘ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 13-14 ਮਾਰਚ ਨੂੰ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ‘ਚ ਮੀਂਹ ਅਤੇ ਬਿਜਲੀ ਡਿੱਗ ਸਕਦੀ ਹੈ। ਜ਼ਿਕਰਯੋਗ, 9 ਅਤੇ 10 ਮਾਰਚ ਨੂੰ ਰਾਜਸਥਾਨ ਨੂੰ ਛੱਡ ਕੇ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ‘ਚ ਤੇਜ਼ ਸਤਹੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਮੌਸਮ ਵਿਭਾਗ ਨੇ 11 ਤੋਂ 13 ਮਾਰਚ ਤੱਕ ਹਿਮਾਚਲ ਪ੍ਰਦੇਸ਼ ‘ਚ ਬਿਜਲੀ ਚਮਕਣ ਦੇ ਨਾਲ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਹੈ। ਸਕਾਈਮੇਟ ਮੌਸਮ ਨੇ ਗਿਲਗਿਤ ਬਾਲਟਿਸਤਾਨ, ਮੁਜ਼ੱਫਰਾਬਾਦ ਅਤੇ ਜੰਮੂ-ਕਸ਼ਮੀਰ ‘ਚ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। ਅਗਲੇ 24 ਘੰਟੇ ਉੱਤਰੀ ਓਡੀਸ਼ਾ ‘ਚ ਥੋੜ੍ਹਾ ਮੀਂਹ ਪੈ ਸਕਦਾ ਹੈ, ਜਦੋਂ ਕਿ ਗੰਗਾ ਨਦੀ ਦੇ ਨਾਲ-ਨਾਲ ਪੱਛਮੀ ਬੰਗਾਲ ਅਤੇ ਦੱਖਣੀ ਕੇਰਲ ‘ਚ ਵੱਖ-ਵੱਖ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ। 10 ਮਾਰਚ ਤੋਂ ਪੱਛਮੀ ਹਿਮਾਲਿਆ ਖੇਤਰ ਵਿੱਚ ਮੀਂਹ ਅਤੇ ਬਰਫ਼ਬਾਰੀ ‘ਚ ਵਾਧਾ ਹੋਵੇਗਾ।