ਪੰਜਾਬ ‘ਚ ਸਰਗਰਮ ਮਾਨਸੂਨ ਤੋਂ ਬਾਅਦ ਬਾਰਸ਼ ਕਾਰਨ ਤਾਪਮਾਨ ‘ਚ ਲਗਾਤਾਰ ਗਿਰਾਵਟ ਆ ਰਹੀ ਹੈ। ਬੀਤੇ ਦਿਨ ਪੰਜਾਬ ‘ਚ ਤਾਪਮਾਨ ‘ਚ 1.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਪੰਜਾਬ ‘ਚ ਇਸ ਵੇਲੇ ਔਸਤ ਤਾਪਮਾਨ ਆਮ ਨਾਲੋਂ 3.1 ਡਿਗਰੀ ਘੱਟ ਹੈ ਅਤੇ ਇਸ ਖੇਤਰ ਵਿੱਚ ਮੀਂਹ ਲਈ ਔਰੇਂਜ ਐਲਰਟ ਜਾਰੀ ਕੀਤਾ ਗਿਆ ਹੈ।
ਜ਼ਿਕਰਯੋਗ, ਮੌਸਮ ਵਿਭਾਗ ਨੇ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਸਮੇਤ ਕਈ ਜ਼ਿਲ੍ਹਿਆਂ ਲਈ ਗੰਭੀਰ ਮੌਸਮ ਦੀ ਸੰਭਾਵਨਾ ਨੂੰ ਦੇਖਦੇ ਹੋਏ ਔਰੇਂਜ ਐਲਰਟ ਜਾਰੀ ਕੀਤਾ ਹੈ। ਰਾਜ ਦੇ ਹੋਰ ਜ਼ਿਲ੍ਹਿਆਂ ‘ਚ ਮੀਂਹ ਦੀ ਚਿਤਾਵਨੀ ਜਾਰੀ ਹੈ, ਪਰ ਹਾਲਾਤ ਆਮ ਵਾਂਗ ਰਹਿਣ ਦੀ ਉਮੀਦ ਹੈ।
ਅੰਮ੍ਰਿਤਸਰ ‘ਚ ਵੀਰਵਾਰ ਨੂੰ 5.4 ਮਿਲੀਮੀਟਰ ਬਾਰਿਸ਼ ਹੋਈ, ਜਦਕਿ ਲੁਧਿਆਣਾ, ਪਟਿਆਲਾ, ਫਰੀਦਕੋਟ, ਗੁਰਦਾਸਪੁਰ, SAS ਨਗਰ, ਬਰਨਾਲਾ, ਮੋਹਾਲੀ, ਪਠਾਨਕੋਟ ਅਤੇ ਰੋਪੜ ‘ਚ ਵੀ ਵੱਖ-ਵੱਖ ਮਾਤਰਾ ‘ਚ ਬਾਰਿਸ਼ ਹੋਈ। ਪੂਰਵ ਅਨੁਮਾਨ ਮੁਤਾਬਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ‘ਚ 5 ਤੋਂ 11 ਜੁਲਾਈ ਤੱਕ ਰੋਜ਼ਾਨਾ 5 ਤੋਂ 10 ਮਿਲੀਮੀਟਰ ਮੀਂਹ ਪਵੇਗਾ।
ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਮੋਹਾਲੀ, ਫਤਹਿਗੜ੍ਹ ਸਾਹਿਬ, ਖਰੜ, ਅਬੋਹਰ ਅਤੇ ਮਾਨਸਾ ਦੇ ਨੇੜੇ ਦੇ ਕੁਝ ਹਿੱਸਿਆਂ ਸਮੇਤ ਕਈ ਇਲਾਕਿਆਂ ਵਿੱਚ ਰੋਜ਼ਾਨਾ 10 ਤੋਂ 15 ਮਿਲੀਮੀਟਰ ਮੀਂਹ ਪਵੇਗਾ। 5-6 ਜੁਲਾਈ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਪਰ ਉਸ ਤੋਂ ਬਾਅਦ ਹਾਲਾਤ ਸੁਧਰਨ ਦੀ ਉਮੀਦ ਹੈ।