ਪੰਜਾਬ ‘ਚ ਵੈਸਟਰਨ ਡਿਸਟਰਬੈਂਸ ਦੇ ਬਾਵਜੂਦ ਗਰਮੀ ਲੋਕਾਂ ਲਈ ਚਿੰਤਾ ਬਣੀ ਹੋਈ ਹੈ। ਹਾਲਾਂਕਿ ਤਾਪਮਾਨ ‘ਚ ਗਿਰਾਵਟ ਨਾਲ ਕੁਝ ਰਾਹਤ ਮਿਲੀ ਹੈ। ਇਸ ਦੇ ਨਾਲ ਹੀ 4 ਜੂਨ ਤੱਕ ਹੀਟ ਵੇਵ ਨੂੰ ਲੈ ਕੇ ਐਲਰਟ ਜਾਰੀ ਹੈ, ਪਰ 5 ਜੂਨ ਤੋਂ ਠੰਢੇ ਮੌਸਮ ਦੀ ਸੰਭਾਵਨਾ ਹੈ। ਜ਼ਿਕਰਯੋਗ, ਪੱਛਮੀ ਗੜਬੜੀ ਦੇ ਮਜ਼ਬੂਤ ਹੋਣ ਕਾਰਨ ਮੀਂਹ ਵੀ ਸੰਭਵ ਹੈ।
ਮੌਸਮ ਵਿਭਾਗ ਨੇ ਪੰਜਾਬ ਦੇ 3 ਜ਼ਿਲ੍ਹਿਆਂ ਮਾਨਸਾ, ਬਰਨਾਲਾ ਅਤੇ ਲੁਧਿਆਣਾ ‘ਚ ਹੀਟ ਵੇਵ ਲਈ ਆਰੇਂਜ ਐਲਰਟ ਜਾਰੀ ਕੀਤਾ ਹੈ। ਬਠਿੰਡਾ, ਮੋਗਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ ਅਤੇ ਫਿਰੋਜ਼ਪੁਰ ‘ਚ ਮੀਂਹ ਅਤੇ ਤੇਜ਼ ਹਵਾਵਾਂ ਦੇ ਨਾਲ ਗਰਮੀ ਦੀ ਲਹਿਰ ਦਾ ਸਾਹਮਣਾ ਕਰਨ ਦੀ ਸੰਭਾਵਨਾ ਹੈ। ਬਾਕੀ ਸਾਰੇ ਜ਼ਿਲ੍ਹਿਆਂ ‘ਚ ਯੈਲੋ ਐਲਰਟ ਜਾਰੀ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਭਲਕੇ 4 ਜੂਨ ਨੂੰ ਪੰਜਾਬ ‘ਚ ਮੌਸਮ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ ਪਰ ਸੂਬੇ ਲਈ 5 ਅਤੇ 6 ਜੂਨ ਨੂੰ ਯੈਲੋ ਐਲਰਟ ਜਾਰੀ ਕੀਤਾ ਗਿਆ ਹੈ। 5-6 ਜੂਨ ਨੂੰ ਹੋਣ ਵਾਲੇ ਮੀਂਹ ਤੋਂ ਬਾਅਦ ਗਰਮੀ ਤੋਂ ਰਾਹਤ ਮਿਲੇਗੀ ਕਿਉਂਕਿ ਤਾਪਮਾਨ 3 ਤੋਂ 5 ਡਿਗਰੀ ਤੱਕ ਡਿੱਗਣ ਦੀ ਭਵਿੱਖਬਾਣੀ ਕੀਤੀ ਗਈ ਹੈ।