2024 ਦੀਆਂ ਪੰਜਾਬ ਜੇਲ੍ਹ ਓਲੰਪਿਕ ਦੀਆਂ ਜ਼ੋਨ ਪੱਧਰੀ ਖੇਡਾਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਖੇ ਭਾਰੀ ਉਤਸ਼ਾਹ ਨਾਲ ਸ਼ੁਰੂ ਹੋਈਆਂ। ਇਸ ਖੇਡ ਸਮਾਗਮ ‘ਚ ਅੰਮ੍ਰਿਤਸਰ, ਪੱਟੀ, ਹੁਸ਼ਿਆਰਪੁਰ, ਪਠਾਨਕੋਟ, ਫਿਰੋਜ਼ਪੁਰ ਅਤੇ ਤਰਨਤਾਰਨ ਦੀਆਂ ਵੱਖ-ਵੱਖ ਜੇਲ੍ਹਾਂ ਦੇ ਕੈਦੀ ਭਾਗ ਲੈ ਰਹੇ ਹਨ। ਵਿਦਿਅਕ ਅਦਾਰਿਆਂ ਵਾਂਗ ਹੀ ਕੈਦੀਆਂ ਨੇ ਖੇਡਾਂ ਤੋਂ ਪਹਿਲਾਂ ਮਾਰਚ ਪਾਸਟ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਭੰਗੜਾ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ DLSA ਸ੍ਰੀ ਰਸ਼ਪਾਲ ਸਿੰਘ ਨੇ ਇਨਾ ਖੇਡਾਂ ਦਾ ਉਦਘਾਟਨ ਕੀਤਾ ਅਤੇ ਕੈਦੀਆਂ ਦੇ ਮੁੜ ਵਸੇਬੇ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੈਦੀ ਜਿਸ ਉਤਸ਼ਾਹ ਨਾਲ ਖੇਡਾਂ ‘ਚ ਭਾਗ ਲੈ ਰਹੇ ਹਨ ਅਤੇ ਵਿਸ਼ਵਾਸ ਕਰਦੇ ਹਨ ਕਿ ਇਹ ਇੱਕ ਸਕਾਰਾਤਮਕ ਰੁਝਾਨ ਹੈ ਜੋ ਉਹਨਾਂ ਦੇ ਮੁੜ ਵਸੇਬੇ ਅਤੇ ਸੁਧਾਰ ਵੱਲ ਲੈ ਜਾਵੇਗਾ। ਅਜਿਹੀਆਂ ਖੇਡਾਂ ਵੱਖ-ਵੱਖ ਜ਼ੋਨਾਂ ‘ਚ ਕਰਵਾਈਆਂ ਜਾ ਰਹੀਆਂ ਹਨ, ਜਿਸ ‘ਚ ਵੱਖ-ਵੱਖ ਜੇਲ੍ਹਾਂ ਦੇ ਹਜ਼ਾਰਾਂ ਕੈਦੀ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਭਾਗ ਲੈ ਰਹੇ ਹਨ।
ਖੇਡ ਮੁਕਾਬਲੇ ਦੇ ਪਹਿਲੇ ਦਿਨ ‘ਟਗ ਆਫ ਵਾਰ’ ਈਵੈਂਟ ‘ਚ ਭਾਗ ਲੈਣ ਵਾਲੇ ਖਿਡਾਰੀਆਂ ਨੇ ਭਾਰੀ ਉਤਸ਼ਾਹ ਅਤੇ ਦ੍ਰਿੜ ਇਰਾਦੇ ਦਾ ਪ੍ਰਦਰਸ਼ਨ ਕੀਤਾ। ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਰੁੱਧ ਆਪਣੇ ਮੈਚ ਵਿੱਚ ਜਿੱਤ ਦਰਜ ਕੀਤੀ, ਜਦਕਿ ਕੇਂਦਰੀ ਜੇਲ੍ਹ ਗੁਰਦਾਸਪੁਰ ਨੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਨੂੰ ਹਰਾਇਆ। ਫਾਈਨਲ ਰਾਊਂਡ ਵਿੱਚ ਕੇਂਦਰੀ ਜੇਲ੍ਹ ਗੁਰਦਾਸਪੁਰ ਦਾ ਸਾਹਮਣਾ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਨਾਲ ਹੋਇਆ।
ਸਮਾਗਮ ਦੌਰਾਨ ਜੇਲ੍ਹ ਸੁਪਰਡੈਂਟ ਸ੍ਰੀ ਅਨੁਰਾਗ ਕੁਮਾਰ ਨੇ ਜੇਲ੍ਹਾਂ ‘ਚ ਖੇਡ ਮੁਕਾਬਲਿਆਂ ਦੀ ਮਹੱਤਤਾ ਦਿੰਦਿਆਂ ਕਿਹਾ ਕਿ ਇਹ ਇੱਕ ਪਰਿਵਰਤਨਕਾਰੀ ਸਫ਼ਰ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਕੈਦੀਆਂ ‘ਚ ਉਮੀਦ ਅਤੇ ਸਨਮਾਨ ਪੈਦਾ ਕਰਦੇ ਹਨ। ਉਨ੍ਹਾਂ ਪੰਜਾਬ ਜੇਲ੍ਹ ਓਲੰਪਿਕ ਨੂੰ ਖੇਡਾਂ ਰਾਹੀਂ ਸਕਾਰਾਤਮਕ ਤਬਦੀਲੀ, ਮੁਕਤੀ ਅਤੇ ਭਾਈਚਾਰਕ ਏਕਤਾ ਦੀ ਸੰਭਾਵਨਾ ਦੇ ਪ੍ਰਤੀਕ ਵਜੋਂ ਉਜਾਗਰ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਭਵਿੱਖ ‘ਚ ਵਾਲੀਬਾਲ, ਬੈਡਮਿੰਟਨ, ਅਥਲੈਟਿਕਸ, ਕਬੱਡੀ ਅਤੇ ਸ਼ਤਰੰਜ ਵਰਗੇ ਹੋਰ ਖੇਡ ਮੁਕਾਬਲੇ ਵੀ ਕਰਵਾਏ ਜਾਣਗੇ।