ਪੰਜਾਬ ਪੁਲਿਸ ਨੇ BKU ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਹੈ, ਜਦੋਂ ਉਹ ਮਰਨ ਵਰਤ ‘ਤੇ ਬੈਠਣ ਜਾ ਰਹੇ ਸਨ। ਇਹ ਗ੍ਰਿਫਤਾਰੀ ਦੁਪਹਿਰ 3:30 ਵਜੇ ਦੇ ਕਰੀਬ ਖਨੌਰੀ ਬਾਰਡ ‘ਚ ਹੋਈ, ਜਿੱਥੇ ਲਗਭਗ 200 ਪੁਲਸ ਅਧਿਕਾਰੀ ਮੌਜੂਦ ਸਨ। BKU ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਨੇ ਦੱਸਿਆ ਕਿ ਪਹਿਲਾਂ ਤਾਂ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਉਸ ਨੂੰ ਕਿਸੇ ਅਣਦੱਸੀ ਥਾਂ ‘ਤੇ ਲਿਜਾਇਆ ਗਿਆ ਸੀ, ਪਰ ਹੁਣ ਪੁਸ਼ਟੀ ਹੋਈ ਹੈ ਕਿ ਉਸ ਨੂੰ ਲੁਧਿਆਣਾ ਦੇ DMC ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।
MSP ਸਮੇਤ ਕਈ ਮੰਗਾਂ ਨੂੰ ਲੈ ਕੇ ਫਰਵਰੀ ਤੋਂ ਧਰਨਾ ਦੇ ਰਹੇ BKU ਸਿੱਧੂਪੁਰ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਅੱਜ ਤੋਂ ਸ਼ੁਰੂ ਕੀਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਅਪੀਲ ਕੀਤੀ ਹੈ। ਜਗਜੀਤ ਸਿੰਘ ਡੱਲੇਵਾਲ ਨੇ ਖਨੌਰੀ ਬਾਰਡਰ ‘ਤੇ ਭੁੱਖ ਹੜਤਾਲ ਸ਼ੁਰੂ ਕਰਦਿਆਂ ਐਲਾਨ ਕੀਤਾ ਹੈ ਕਿ ਜੇਕਰ ਇਸ ਦੌਰਾਨ ਉਨ੍ਹਾਂ ਨੂੰ ਕੁਝ ਹੋਇਆ ਤਾਂ ਉਨ੍ਹਾਂ ਦੀ ਥਾਂ ਕੋਈ ਹੋਰ ਆਗੂ ਮਰਨ ਵਰਤ ‘ਚ ਸ਼ਾਮਲ ਹੋਵੇਗਾ।
ਜ਼ਿਕਰਯੋਗ, ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਡੱਲੇਵਾਲ ਨੇ ਆਪਣੀ ਸਾਰੀ ਜ਼ਮੀਨ ਅਤੇ ਜਾਇਦਾਦ ਆਪਣੇ ਵਾਰਸਾਂ ਨੂੰ ਸੌਂਪ ਦਿੱਤੀ। ਉਨ੍ਹਾਂ ਦੱਸਿਆ ਕਿ ਹਰਿਆਣਾ ਸਰਹੱਦ ’ਤੇ 13 ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਵਿਖੇ ਸ਼ੁਰੂ ਹੋਇਆ ਅੰਦੋਲਨ ਲਗਾਤਾਰ ਜਾਰੀ ਹੈ, ਫਿਰ ਵੀ ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਕੋਈ ਗੰਭੀਰਤਾ ਨਹੀਂ ਦਿਖਾਈ।
ਫਰਵਰੀ ‘ਚ ਖੇਤੀ ਮੰਤਰੀ ਅਰਜੁਨ ਮੁੰਡਾ ਅਤੇ ਖੁਰਾਕ ਤੇ ਸਪਲਾਈ ਮੰਤਰੀ ਪਿਊਸ਼ ਗੋਇਲ ਨਾਲ 6 ਮੀਟਿੰਗਾਂ ਹੋਈਆਂ, ਪਰ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਵਿਚਾਲੇ ਗੱਲਬਾਤ ਅਣਸੁਲਝੀ ਰਹੀ। ਭਾਵੇਂ ਬਾਅਦ ‘ਚ ਨਵੀਂ ਸਰਕਾਰ ਬਣੀ ਪਰ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਦਰਮਿਆਨ ਗੱਲਬਾਤ ਮੁੜ ਸ਼ੁਰੂ ਨਹੀਂ ਹੋਈ। ਇਸੇ ਦੌਰਾਨ SC ਨੇ ਜਸਟਿਸ ਨਵਾਬ ਸਿੰਘ ਦੀ ਅਗਵਾਈ ਵਿੱਚ ਖੇਤੀ ਮਾਹਿਰਾਂ ਦੀ ਇੱਕ ਕਮੇਟੀ ਕਾਇਮ ਕੀਤੀ।
ਇਸ ਕਮੇਟੀ ਨੂੰ ਸ਼ੰਭੂ ਬੈਰੀਅਰ ’ਤੇ ਕੌਮੀ ਮਾਰਗ ਨੂੰ ਮੁੜ ਖੋਲ੍ਹਣ ਲਈ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਅਤੇ ਕਿਸਾਨਾਂ ਦੇ ਮਸਲਿਆਂ ਬਾਰੇ ਰਿਪੋਰਟ ਦੇਣ ਦਾ ਕੰਮ ਸੌਂਪਿਆ ਗਿਆ ਸੀ। ਪਿਛਲੇ ਹਫ਼ਤੇ ਕਮੇਟੀ ਨੇ ਆਪਣੀ ਅੰਤਿਮ ਰਿਪੋਰਟ ਸੌਂਪ ਦਿੱਤੀ ਸੀ ਪਰ ਜਗਜੀਤ ਸਿੰਘ ਡੱਲੇਵਾਲ ਨੇ ਪਹਿਲਾਂ ਹੀ 26 ਨਵੰਬਰ ਤੋਂ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਸੀ।