ਪਾਕਿਸਤਾਨ ਅਤੇ ਭਾਰਤ ਵਿੱਚ ਆਮ ਬੋਲ ਚਾਲ ਦੌਰਾਨ ਮੂੰਗਫ਼ਲੀ ਨੂੰ “ਗਰੀਬਾਂ ਦੇ ਬਦਾਮ” ਕਹਿ ਕੇ ਸੰਬੋਧਿਤ ਕੀਤਾ ਗਿਆ ਹੈ ਤੇ ਹੁਣ ਇਹ ਮੂੰਗਫ਼ਲੀ ਖ਼ਰੀਦਣਾ ਤੇ ਖਾਣਾ ਅਮੀਰਾਂ ਦਾ ਸ਼ੌਂਕ ਬਣ ਚੁਕਿਆ ਹੈ। ਸਰਦੀਆਂ ਦੇ ਮੌਸਮ ਵਿਚ ਲੱਗਪਗ ਹਰ ਘਰ ਵਿੱਚ ਮੂੰਗਫ਼ਲੀ ਖਾਂਦੀ ਜਾਂਦੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਪਾਕਿਸਤਾਨ ‘ਚ ਮੂੰਗਫਲੀ ਖ਼ਰੀਦਣਾ ਮੁਸ਼ਕਿਲ ਹੋ ਗਿਆ ਹੈ।
ਪਾਕਿਸਤਾਨ ਦੇ ਵੱਖ ਵੱਖ ਸ਼ਹਿਰਾਂ ‘ਚ ਮੂੰਗਫ਼ਲੀ ਤੇ ਹੋਰਨਾਂ ਡਰਾਈ ਫਰੂਟ ਦੇ ਭਾਅ ‘ਚ ਲੱਗਪਗ 50 ਫਾਸਿਦੀ ਦਾ ਵਾਧਾ ਹੋਇਆ ਹੈ ਲਾਹੌਰ ਤੋਂ ਬਾਬਰ ਜਲੰਧਰੀ ਨੇ ਦਸਿਆ ਕਿ ਇਸ ਸਾਲ ਖੁੱਲੀ ਮੰਡੀ ‘ਚ ਮੂੰਗਫ਼ਲੀ 1000 ਤੋਂ 1200 ਰੁਪਏ ਪ੍ਰਤੀ ਕਿੱਲੋ, ਕਾਲੇ ਛੋਲੇ 750 ਤੋਂ 900 ਰੁਪਏ ਪ੍ਰਤੀ ਕਿੱਲੋ, ਸਖ਼ਤ ਅਖ਼ਰੋਟ 1000 ਰੁਪਏ ਪ੍ਰਤੀ ਕਿੱਲੋ, ਕਾਗਜ਼ੀ ਅਖ਼ਰੋਟ 1500 ਰੁਪਏ ਪ੍ਰਤੀ ਕਿੱਲੋ, ਚਿਲਗੋਜ਼ਾ 8000 ਰੁਪਏ ਤੋਂ 12000 ਰੁਪਏ ਪ੍ਰਤੀ ਕਿੱਲੋ, ਚਿਲਗੋਜ਼ਾ ਦੀ ਗਿਰੀ 17000 ਰੁਪਏ ਪ੍ਰਤੀ ਕਿੱਲੋ ਹੈ।
ਇਸ ਤਰ੍ਹਾਂ ਦੇਸੀ ਮੇਵਾ 1400 ਰੁਪਏ ਪ੍ਰਤੀ ਕਿੱਲੋ, ਅਫ਼ਗਾਨ ਮੇਵਾ 1700 ਰੁਪਏ ਪ੍ਰਤੀ ਕਿੱਲੋ, ਇਰਾਨੀ ਬਦਾਮ 3900 ਰੁਪਏ, ਅਫ਼ਗਾਨ ਬਦਾਮ 3400 ਰੁਪਏ ਪ੍ਰਤੀ ਕਿੱਲੋ, ਸੁੱਕੀ ਖ਼ੁਰਮਾਨੀ 2400 ਰੁਪਏ ਪ੍ਰਤੀ ਕਿੱਲੋ, ਭੁਰੇ ਅੰਜੀਰ 3200 ਰੁਪਏ ਪ੍ਰਤੀ ਕਿੱਲੋ, ਚਿੱਟੇ ਅੰਜੀਰ 3800 ਰੁਪਏ ਪ੍ਰਤੀ ਕਿੱਲੋ, ਸਾਦਾ ਕਾਜੂ 3200 ਰੁਪਏ ਪ੍ਰਤੀ ਕਿੱਲੋ, ਭੂੰਨੇ ਹੋਏ ਕਾਜੂ 3600 ਰੁਪਏ ਪ੍ਰਤੀ ਕਿੱਲੋ, ਮਖਾਣਾ 800 ਰੁਪਏ ਪ੍ਰਤੀ ਕਿੱਲੋ, ਮੁਨੱਕਾ 900 ਰੁਪਏ ਪ੍ਰਤੀ ਕਿੱਲੋ, ਆਲੂ ਬੂਖ਼ਾਰਾ 1100 ਰੁਪਏ ਪ੍ਰਤੀ ਕਿੱਲੋ, ਰੇਵੜੀ 900 ਰੁਪਏ ਪ੍ਰਤੀ ਕਿੱਲੋ ਮਿਲ ਰਹੀ ਹੈ। ਡਰਾਈ ਫਰੂਟ ਯੂਨੀਅਨ ਰਾਵਲਪਿੰਡੀ ਦੇ ਮੀਤ ਪ੍ਰਧਾਨ ਫ਼ਰਹਾਦ ਖ਼ਾਨ ਦਾ ਕਹਿਣਾ ਹੈ ਕਿ ਆਉਣ ਵਾਲੇ ਹਫ਼ਤੇ ‘ਚ ਕੀਮਤਾਂ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।