ਪਟਿਆਲਾ ਵਿਖੇ ANI ਦੇ ਸੀਨੀਅਰ ਪੱਤਰਕਾਰ ਅਵਿਨਾਸ਼ ਕੰਬੋਜ ਦੀ ਬੀਤੀ ਸ਼ਾਮ ਨਹਿਰੂ ਪਾਰਕ ਵਿੱਚ ਤੇਜ਼ ਹਨੇਰੀ ਦੌਰਾਨ ਸਿਰ ਵਿੱਚ ਟਰੈਫਿਕ ਲਾਈਟ ਦਾ ਖੰਭਾ ਡਿੱਗਣ ਕਾਰਨ ਮੌਤ ਹੋ ਗਈ ਹੈ। ਜ਼ਿਕਰਯੋਗ, ਪੱਤਰਕਾਰ ਅਵਿਨਾਸ਼ ਦੀ ਲਾਸ਼ ਨੂੰ ਰਾਜਿੰਦਰਾ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।
ਇਸ ਦੇ ਨਾਲ ਹੀ ਪੱਤਰਕਾਰ ਭਾਈਚਾਰਾ ਪੰਜਾਬ ਸਰਕਾਰ ਕੋਲੋਂ ਮੰਗ ਕਰ ਰਿਹਾ ਹੈ ਕਿ ਪੱਤਰਕਾਰ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਵਜੋਂ 1 ਕਰੋੜ ਮੁਆਵਜ਼ਾ ਅਤੇ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਪੱਤਰਕਾਰ ਅਵਿਨਾਸ਼ ਇੱਕ ਮੱਧਵਰਗੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਤੇ ਆਪਣੇ ਪਿੱਛੇ ਤਿੰਨ ਬੱਚੇ ਵੀ ਛੱਡ ਗਏ ਹਨ।
ਇਸ ਤੋਂ ਇਲਾਵਾ ਬੀਤੀ ਸ਼ਾਮ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਨਵੇਂ ਚੁਣੇ ਸੰਸਦ ਮੈਂਬਰ ਡਾ: ਧਰਮਵੀਰ ਗਾਂਧੀ ਪਰਿਵਾਰ ਨੂੰ ਮਿਲਣ ਗਏ। ਅੱਜ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਨੇ ਸਥਾਨਕ ਐਸ.ਡੀ.ਐਮ ਨਾਲ ਮੁਰਦਾਘਰ ਵਿੱਚ ਪਰਿਵਾਰ ਅਤੇ ਪੱਤਰਕਾਰ ਭਾਈਚਾਰੇ ਦਾ ਦੌਰਾ ਕੀਤਾ।