SGPC:- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹਰਿਆਣਾ ਦੇ ਰੋਹਤਕ ’ਚ ਸਿੱਖੀ ਦਾ ਪ੍ਰਚਾਰ

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹਰਿਆਣਾ ਦੇ ਰੋਹਤਕ ’ਚ ਸਿੱਖੀ ਦਾ ਪ੍ਰਚਾਰ

ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੇ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਹਰਿਆਣਾ ਦੇ ਰੋਹਤਕ ਸ਼ਹਿਰ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਇਲਾਕੇ ਦੀ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।
ਇਸ ਮੌਕੇ ਜਾਟ ਭਾਈਚਾਰੇ ਵਿੱਚੋਂ ਵੱਡੀ ਗਿਣਤੀ ਵਿੱਚ ਸਿੰਘ ਸਜੇ ਹਰਿਆਣਾ ਦੇ ਨਿਵਾਸੀ ਸ. ਮਨੋਜ ਸਿੰਘ ਦੂਹਨ ਦੀ ਅਗਵਾਈ ਵਿੱਚ ਗੁਰੂ ਘਰ ਵਿਖੇ ਸੰਗਤ ਰੂਪ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੰਘ ਸਜਣ ਦੀ ਵਧਾਈ ਦਿੱਤੀ। ਜਥੇਦਾਰ ਗੜਗੱਜ ਨੇ ਕਿਹਾ ਕਿ ਕਿਸਾਨ ਅੰਦੋਲਨ ਵੇਲੇ ਸਭ ਦੇ ਇਕਜੁੱਟ ਹੋਣ ਮੌਕੇ ਪੰਜਾਬ, ਹਰਿਆਣਾ, ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਲੋਕਾਂ ਦੀਆਂ ਸਾਂਝਾ ਬਣੀਆਂ ਅਤੇ ਇਸੇ ਦੌਰਾਨ ਇਨ੍ਹਾਂ ਖੇਤਰਾਂ ਦੇ ਵੱਖ-ਵੱਖ ਭਾਈਚਾਰਿਆਂ ਖਾਸ ਕਰ ਜਾਟ ਭਾਈਚਾਰੇ ਦੇ ਲੋਕ ਸਿੱਖੀ ਵਿੱਚ ਸ਼ਾਮਲ ਹੋਏ।


ਜਥੇਦਾਰ ਗੜਗੱਜ ਨੇ ਸੰਗਤ ਨਾਲ ਵਿਚਾਰ ਕਰਦਿਆਂ ਕਿਹਾ ਕਿ ਗੁਰਬਾਣੀ ਸਾਨੂੰ ਸਾਂਝੀਵਾਲਤਾ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ, ਇਸ ਲਈ ਸਿੱਖੀ ਅੰਦਰ ਹਰ ਵਰਗ ਦਾ ਬਰਾਬਰ ਸਤਿਕਾਰ ਹੈ। ਉਨ੍ਹਾਂ ਭਗਤ ਧੰਨਾ ਜੀ, ਭਗਤ ਰਵੀਦਾਸ ਜੀ ਅਤੇ ਭਗਤ ਕਬੀਰ ਜੀ ਸਮੇਤ ਸਮੂਹ ਭਗਤ ਸਾਹਿਬਾਨਾਂ ਦੀ ਬਾਣੀ ਦੇ ਹਵਾਲੇ ਨਾਲ ਸਮੂਹ ਸੰਗਤ ਨੂੰ ਸਿੱਖੀ ਨਾਲ ਜੁੜਨ ਦੀ ਪ੍ਰੇਰਨਾ ਕੀਤੀ।
ਇਸ ਦੌਰਾਨ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਰ ਛੋਟੂ ਰਾਮ ਜਾਟ ਮਾਡਲ ਸਕੂਲ ਦਾ ਦੌਰਾ ਵੀ ਕੀਤਾ। ਉਨ੍ਹਾਂ ਕਿਹਾ ਕਿ 100 ਸਾਲ ਪਹਿਲਾਂ ਸਾਂਝੇ ਪੰਜਾਬ ਵਿੱਚ ਇੱਕ ਆਗੂ ਅਜਿਹਾ ਸੀ ਜੋ ਕਿਸਾਨੀ ਦੇ ਮੁੱਦਿਆਂ ਨੂੰ ਸਮਝ ਰਹੇ ਸਨ ਅਤੇ ਉਨ੍ਹਾਂ ਦੀ ਸਮਾਜਿਕ ਆਰਥਿਕ ਹਾਲਤ ਨੂੰ ਬਿਹਤਰ ਬਣਾਉਣ ਲਈ ਉੱਧਮ ਕਰ ਰਹੇ ਸਨ। ਉਨ੍ਹਾਂ ਸ਼ਾਹੂਕਾਰਾਂ ਦੇ ਕਰਜ਼ ਤੋਂ ਕਿਸਾਨਾਂ ਨੂੰ ਬਚਾਉਣ ਦਾ ਹੰਭਲਾ ਮਾਰਿਆ। ਸਰ ਛੋਟੂ ਰਾਮ ਕਿਸਾਨ ਆਗੂ ਇੰਨੇ ਦੂਰਦ੍ਰਿਸ਼ਟੀ ਵਾਲੇ ਸਨ ਕਿ ਉਨ੍ਹਾਂ ਦੇ ਕਿਸਾਨ ਕਲਿਆਣ ਕੋਸ਼ ਤੋਂ ਵਜ਼ੀਫ਼ੇ ਬਦੌਲਤ ਮੁਹੰਮਦ ਅਬਦੁੱਸ ਸਲਾਮ ਵਰਗੇ ਪੜ੍ਹੇ ਜੋ ਅੱਗੇ ਜਾ ਕੇ ਨੋਬਲ ਪੁਰਸਕਾਰ ਸਨਮਾਨਤ ਵਿਗਿਆਨੀ ਹੋਏ ਹਨ।
ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਗੜਗੱਝ ਨੇ ਰੋਹਤਕ ਵਿਖੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵੱਲੋਂ ਥਾਪੇ 22 ਮੰਜੀਦਾਰ ਸਿੱਖਾਂ ਵਿੱਚੋਂ ਭਾਈ ਮਥੋ ਮੁਰਾਰੀ ਜੀ ਦੇ ਗੁਰ ਅਸਥਾਨ ਗੁਰਦੁਆਰਾ ਸ੍ਰੀ ਟਿਕਾਣਾ ਸਾਹਿਬ ਵਿਖੇ ਵੀ ਹਾਜ਼ਰੀ ਭਰੀ, ਜਿਸ ਦਾ ਪ੍ਰਬੰਧ ਸੇਵਾ ਪੰਥੀ ਸੰਪਰਦਾ ਦੇ ਮਹੰਤ ਦਿਲਬਾਗ ਸਿੰਘ ਜੀ ਕਰ ਰਹੇ ਹਨ। ਜਥੇਦਾਰ ਗੜਗੱਜ ਨੇ ਇੱਥੇ ਵੀ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।

Leave a Reply

Your email address will not be published. Required fields are marked *