ਇਸ ਸਾਲ, ਹੋਲੀ ਦੇ ਆਲੇ-ਦੁਆਲੇ, ਉੱਤਰੀ ਅਤੇ ਮੱਧ ਭਾਰਤ ਦੇ ਸਾਰੇ ਰਾਜਾਂ ‘ਚ ਗਰਮੀ ਦੀ ਲਹਿਰ (ਲੂ) ਆ ਸਕਦੀ ਹੈ। ਇਸ ਦੇ ਦੋ ਕਾਰਨ ਹਨ- ਇਸ ਵਾਰ ਹੋਲੀ ਮਾਰਚ ਦੇ ਆਖਰੀ ਹਫ਼ਤੇ 25 ਮਾਰਚ ਨੂੰ ਹੈ ਅਤੇ ਦੋ ਹਫ਼ਤੇ ਪਹਿਲਾਂ ਫਰਵਰੀ ਦੀ ਸ਼ੁਰੂਆਤ ਤੋਂ ਹੀ ਦੱਖਣੀ ਭਾਰਤ ‘ਚ ਤਾਪਮਾਨ ਵਧਿਆ ਹੈ। ਦੱਖਣੀ ਭਾਰਤ ਦੇ ਸਾਰੇ ਰਾਜਾਂ ਤੋਂ ਲੈ ਕੇ ਮਹਾਰਾਸ਼ਟਰ ਅਤੇ ਉੜੀਸਾ ਤੱਕ ਦਿਨ ਦਾ ਤਾਪਮਾਨ 4-6 ਡਿਗਰੀ ਵੱਧ ਯਾਨੀ 33 ਡਿਗਰੀ ਤੋਂ ਉੱਪਰ ਦਰਜ ਕੀਤਾ ਜਾ ਰਿਹਾ ਹੈ।
ਇਸ ਵਾਰ ਇਹ ਰੁਝਾਨ ਫਰਵਰੀ ਦੇ ਪਹਿਲੇ ਹਫ਼ਤੇ ਤੋਂ ਹੀ ਦਰਜ ਹੋਣਾ ਸ਼ੁਰੂ ਹੋ ਗਿਆ ਸੀ, ਜੋ ਪਿਛਲੇ ਦੋ ਸਾਲਾਂ ‘ਚ ਤੀਜੇ ਹਫ਼ਤੇ ਸ਼ੁਰੂ ਹੋ ਗਿਆ ਸੀ। ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਪਿਛਲੇ ਦੋ ਸਾਲਾਂ ਤੋਂ ਉੱਤਰੀ ਅਤੇ ਮੱਧ ਭਾਰਤ ਦੇ ਰਾਜਾਂ ਵਿੱਚ ਪ੍ਰੀ-ਮੌਨਸੂਨ ਸੀਜ਼ਨ ਵਿੱਚ ਤਾਪਮਾਨ ਵਧਣ ਦਾ ਰੁਝਾਨ ਇਸ ਵਾਰ ਵੀ ਜਾਰੀ ਰਹੇਗਾ।
ਇਸ ਦੌਰਾਨ ਆਈਐਮਡੀ ਦੇ ਸਾਬਕਾ ਡਾਇਰੈਕਟਰ ਜਨਰਲ ਕੇਜੇ ਰਮੇਸ਼ ਦਾ ਕਹਿਣਾ ਹੈ ਕਿ ਅਸੀਂ ਮੌਸਮੀ ਚੱਕਰ ਦੇ ਅਜਿਹੇ ਪੜਾਅ ‘ਚੋਂ ਲੰਘ ਰਹੇ ਹਾਂ, ਜਦੋਂ ਸਦੀ ਦੇ ਅੰਤ ਵਿੱਚ, ਬਸੰਤ (ਨਾ ਸਰਦੀ, ਨਾ ਗਰਮੀ) ਤੋਂ ਬਿਨਾਂ ਗਰਮੀ ਸਿੱਧੀ ਆ ਰਹੀ ਹੈ। ਅਲਨੀਨੋ ਕਾਰਨ ਨਾ ਸਿਰਫ਼ ਪ੍ਰਸ਼ਾਂਤ ਮਹਾਸਾਗਰ ਬਲਕਿ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਦਾ ਤਾਪਮਾਨ ਵੀ ਪਿਛਲੇ ਇੱਕ ਸਾਲ ਤੋਂ ਆਮ ਨਾਲੋਂ ਵੱਧ ਰਿਹਾ ਹੈ।
ਇਸ ਤੋਂ ਇਲਾਵਾ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ (ਸੀਐਸਈ) ਦੁਆਰਾ ਕੀਤੇ ਗਏ ਇੱਕ ਅਧਿਐਨ ‘ਚ ਪਾਇਆ ਗਿਆ ਹੈ ਕਿ ਦੇਸ਼ ਵਿੱਚ ਪਿਛਲੇ 45 ਸਾਲਾਂ ਵਿੱਚ, ਲਗਾਤਾਰ 540 ਮਹੀਨਿਆਂ ਵਿੱਚੋਂ ਇੱਕ ਵੀ ਮਹੀਨਾ ਕਿਸੇ ਅਤਿਅੰਤ ਮੌਸਮੀ ਘਟਨਾ ਤੋਂ ਬਿਨਾਂ ਨਹੀਂ ਲੰਘਿਆ ਹੈ। 2023 ਦੇ ਦੌਰਾਨ, ਦੇਸ਼ ਨੇ 365 ਦਿਨਾਂ ਵਿੱਚੋਂ 318 ਦਿਨਾਂ ਲਈ ਅਤਿਅੰਤ ਮੌਸਮੀ ਘਟਨਾਵਾਂ ਦਾ ਅਨੁਭਵ ਕੀਤਾ ਅਤੇ ਕੋਈ ਵੀ ਰਾਜ ਅਛੂਤਾ ਨਹੀਂ ਰਿਹਾ।