ਜਲੰਧਰ ਦੇ ਆਦਮਪੁਰ ਹਵਾਈ ਅੱਡੇ ਤੋਂ ਜਲਦੀ ਹੀ ਉਡਾਣਾਂ ਉਪਲਬਧ ਹੋਣਗੀਆਂ, ਕਿਉਂਕਿ ਕੇਂਦਰੀ ਹਵਾਬਾਜ਼ੀ ਮੰਤਰਾਲੇ ਨੇ ਹਿੰਡਨ, ਸ੍ਰੀ ਨਾਂਦੇੜ ਸਾਹਿਬ, ਬੈਂਗਲੁਰੂ, ਕੋਲਕਾਤਾ ਅਤੇ ਗੋਆ ਸਮੇਤ ਵੱਖ-ਵੱਖ ਸ਼ਹਿਰਾਂ ਲਈ ਰੂਟ ਨਿਰਧਾਰਤ ਕੀਤੇ ਹਨ। ਜਲੰਧਰ ਤੋਂ ‘ਆਪ’ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਨਾਲ ਮੁਲਾਕਾਤ ਕੀਤੀ ਅਤੇ ਜਲੰਧਰ ਦੇ ਲੋਕਾਂ ਲਈ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਲਈ ਇੱਕ ਪੱਤਰ ਸੌਂਪਿਆ।
ਸਰਕਾਰ ਨੇ ਹੁਣ ਇੱਕ ਫੈਸਲਾ ਲਿਆ ਹੈ ਕਿ ਆਦਮਪੁਰ ਹਵਾਈ ਅੱਡੇ ਤੋਂ ਕਈ ਸ਼ਹਿਰਾਂ ਲਈ ਉਡਾਣਾਂ ਸ਼ੁਰੂ ਹੋਣਗੀਆਂ। ਮੰਤਰਾਲੇ ਨੇ ਕਿਹਾ ਹੈ ਕਿ ਏਅਰਲਾਈਨਾਂ ਨੂੰ ਫਲਾਈਟ 5.0 ਦੇ ਤਹਿਤ ਆਦਮਪੁਰ ਤੋਂ ਰੂਟ ਨਿਰਧਾਰਤ ਕੀਤੇ ਗਏ ਹਨ, ਅਤੇ ਉਹ ਜਲਦੀ ਹੀ ਉਡਾਣਾਂ ਸ਼ੁਰੂ ਕਰਨਗੀਆਂ। ਪਹਿਲਾਂ, ਆਦਮਪੁਰ ਹਵਾਈ ਅੱਡੇ ਤੋਂ ਨਵੀਂ ਦਿੱਲੀ, ਮੁੰਬਈ ਅਤੇ ਜੈਪੁਰ ਲਈ ਉਡਾਣ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਸਨ, ਪਰ ਤਿੰਨ ਸਾਲਾਂ ਬਾਅਦ ਇਹ ਬੰਦ ਕਰ ਦਿੱਤੀਆਂ ਗਈਆਂ ਸਨ।
ਜ਼ਿਕਰਯੋਗ ਲੋਕ ਸਭਾ ਮੈਂਬਰ ਰਿੰਕੂ ਨੇ ਕਿਹਾ ਹੈ ਕਿ ਆਦਮਪੁਰ ਹਵਾਈ ਅੱਡੇ ਨੂੰ 125 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਇਸ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣ ਨਾਲ ਦੋਆਬਾ ਵਾਸੀਆਂ ਨੂੰ ਬਹੁਤ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਂ ‘ਤੇ ਰੱਖਣ ਦੀ ਵੀ ਮੰਗ ਕੀਤੀ ਹੈ।