ਨਸ਼ਿਆਂ ਵਿਰੁੱਧ ਚੱਲ ਰਹੀ ਵੱਡੀ ਜੰਗ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਨੂੰ ਵੱਡਾ ਝਟਕਾ ਮਿਲਿਆ ਹੈ। ਕਮਿਸ਼ਨਰੇਟ ਪੁਲਿਸ ਵੱਲੋਂ 1 ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ, ਇਸ ਦੌਰਾਨ ਤਸਕਰਾਂ ਕੋਲੋਂ 1.5 ਕਿਲੋ ਹੈਰੋਇੰਨ ਤੇ 3 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ।
ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ ਕਿ ਫੜੇ ਗਏ ਨਸ਼ਾ ਤਸਕਰ ਦਾ ਨਾਮ ਹਰਪ੍ਰੀਤ ਸਿੰਘ, ਉਮਰ 36 ਸਾਲ ਜੋ ਪਿੰਡ ਰਾਮਾ, ਥਾਣਾ ਬਧਨੀ ਜਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ। ਉਹ 10ਵੀ ਪਾਸ ਹੈ ਅਤੇ ਕੰਬਾਇਨ ਦਾ ਡਰਾਇਵਰ ਹੈ।
ਮੁੱਖ ਅਫ਼ਸਰ ਥਾਣਾ ਈ-ਡਵੀਜ਼ਨ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਦੀ ਪੁਲਿਸ ਐਸ.ਆਈ ਪਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਵਿਸ਼ੇਸ਼ ਮੁਹਿੰਮ ਚਲਾ ਕੇ ਮੁਲਜ਼ਮਾਂ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਸਨੇ ਮੋਚੀ ਬਜ਼ਾਰ ਦੇ ਖੇਤਰ ਤੋਂ ਹੈਰੋਇਨ ਦੀ ਖੇਪ ਕਿਸੇ ਅਣਪਛਾਤੇ ਵਿਅਕਤੀ ਪਾਸੋਂ ਲਈ ਸੀ। ਮੁੱਢਲੀ ਪੜਤਾਲ ਅਨੁਸਾਰ ਪਤਾ ਲੱਗਾ ਹੈ ਕਿ ਇਸਨੇ ਆਪਣੇ ਹੀ ਪਿੰਡ ਰਾਮਾ ਜਿਲ੍ਹਾ ਮੋਗਾ ਦੇ ਮਨਦੀਪ ਸਿੰਘ (USA ਵਾਸੀ) ਦੇ ਕਹਿਣ ਤੇ ਹੈਰੋਇੰਨ ਕਿਸੇ ਅਣਪਛਾਤੇ ਵਿਅਕਤੀ ਕੋਲੋ ਲਈ ਸੀ।
ਇਸ ਤੋਂ ਇਲਾਵਾ ਸੀ.ਪੀ. ਨੇ ਕਿਹਾ ਕਿ ਅਗਲੇ ਤੇ ਪਿੱਛਲੇ ਸਬੰਧਾਂ ਦੀ ਜਾਂਚ, ਡਰੱਗ ਸਪਲਾਇਰਾਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਹੁਣ ਤੱਕ ਖਰੀਦੀ ਗਈ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ। ਵਿਅਕਤੀ ‘ਤੇ ਮੁਕੱਦਮਾਂ ਨੰਬਰ 02 ਮਿਤੀ 08-01-2024 ਜੁਰਮ 21(ਸੀ), 29/61/85 ਐਨ.ਡੀ.ਪੀ.ਐਸ ਐਕਟ ਥਾਣਾ ਈ-ਡਵੀਜ਼ਨ, ਅੰਮ੍ਰਿਤਸਰ ਵਿੱਖੇ ਮੁਕੱਦਮਾ ਦਰਜ਼ ਕੀਤਾ ਹੈ।